ਪੱਤਰ ਪ੍ਰੇਰਕ
ਮਾਛੀਵਾੜਾ, 8 ਸਤੰਬਰ
ਨੇੜਲੇ ਪਿੰਡ ਸਹਿਜੋ ਮਾਜਰਾ ਵਿੱਚ ਛਿੰਝ ਕਮੇਟੀ ਅਤੇ ਗ੍ਰਾਮ ਪੰਚਾਇਤ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਦੰਗਲ ਮੇਲਾ ਕਰਵਾਇਆ ਗਿਆ। ਇਸ ਵਿਚ 150 ਤੋਂ ਵੱਧ ਕੁਸ਼ਤੀਆਂ ਕਰਵਾਈਆਂ ਗਈਆਂ। ਦੰਗਲ ਮੇਲੇ ਵਿਚ ਝੰਡੀ ਦੀ ਕੁਸ਼ਤੀ ਦੌਰਾਨ ਕਮਲ ਡੂਮਛੇੜੀ ਤੇ ਉਮੇਸ਼ ਮਥੁਰਾ ਵਿਚਕਾਰ ਬਰਾਬਰ ਰਹੀ। ਇਸ ਤੋਂ ਬਾਅਦ ਦੂਸਰੇ ਨੰਬਰ ਦੀ ਕੁਸ਼ਤੀ ’ਚ ਮਾਨਾ ਡੂਮਛੇੜੀ ਨੇ ਲਾਲੀ ਮੰਡ ਚੌਂਤਾ ਨੂੰ ਹਰਾਇਆ। ਇਸ ਤੋਂ ਇਲਾਵਾ ਗੋਲਡੀ ਚਮਕੌਰ ਸਾਹਿਬ ਤੇ ਸੰਜੇ ਦਿੱਲੀ, ਨਮਾਜ਼ ਅਲੀ ਤੇ ਅੰਕਿਤ ਮਥੁਰਾ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ ਜਦਕਿ ਜੱਗਾ ਆਲਮਗੀਰ ਨੇ ਜੋਧਾ ਡੂਮਛੇੜੀ ਨੂੰ ਚਿੱਤ ਕੀਤਾ। ਜੇਤੂ ਪਹਿਲਵਾਨਾਂ ਨੂੰ ਸਨਮਾਨਤ ਕਰਨ ਦੀ ਰਸਮ ਵਿਧਾਇਕ ਸਮਰਾਲਾ ਜਗਤਾਰ ਸਿੰਘ ਦਿਆਲਪੁਰਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਹਲਕਾ ਸਮਰਾਲਾ ਇੰਚਾਰਜ ਵਰਿੰਦਰ ਸਿੰਘ ਸੇਖੋਂ ਨੇ ਨਿਭਾਈ। ਇਸ ਮੌਕੇ ਪ੍ਰਧਾਨ ਸੁਖਜਿੰਦਰਪਾਲ ਸਿੰਘ, ਸਰਪੰਚ ਸਵਰਨ ਸਿੰਘ, ਚੌਕੀ ਇੰਚਾਰਜ ਸ਼ੇਰਪੁਰ ਪ੍ਰਗਟ ਸਿੰਘ, ਚੌਕੀ ਇੰਚਾਰਜ ਬਹਿਲੋਲਪੁਰ ਜਗਜੀਤ ਸਿੰਘ, ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਮੌਜੂਦ ਸਨ।