ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਮਾਰਚ
ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ, ਗੁਜਰਖਾਨ ਕੈਂਪਸ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਅੱਜ ਵਿਸ਼ਵ ਕਵਿਤਾ ਦਿਵਸ ਮਨਾਇਆ। ਇਸ ਮੌਕੇ ਕਵਿਤਾ ਉਚਾਰਨ ਅਤੇ ਕਵੀਆਂ ਨੂੰ ਮਿਲਣ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਕਾਲਜ ਵਿਦਿਆਰਥੀਆਂ ਨੇ ਹਿੰਦੀ ਦੇ ਗਿਆਨਪੀਠ ਪੁਰਸਕਾਰ ਜੇਤੂ ਕਵੀਆਂ ਦੀਆਂ ਰਚਨਾਵਾਂ ਸੁਣਾਈਆਂ। ਇਹ ਸਮਾਗਮ ਹਿੰਦੀ ਵਿਭਾਗ ਦੀ ਮੁਖੀ ਜਸਵਿੰਦਰ ਕੌਰ ਅਤੇ ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਗਗਨੀਤ ਪਾਲ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦਾ ਵਿਸ਼ਾ ‘ਮਹਿਲਾ ਸਸ਼ਕਤੀਕਰਨ’ ਰੱਖਿਆ ਗਿਆ ਸੀ। ਹੌਸਲਾ ਅਫਜਾਈ ਵਜੋਂ ਸਵੈ-ਰਚਿਤ ਕਵਿਤਾਵਾਂ ਅਤੇ ਪਾਠ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਬਾਹਰ ਕੱਢਣ ਵਿੱਚ ਸਹਾਈ ਹੁੰਦੀਆਂ ਹਨ। ਇਸੇ ਤਰ੍ਹਾਂ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿੱਚ ਵੀ ਅੰਤਰ-ਰਾਸ਼ਟਰੀ ਕਵਿਤਾ ਦਿਵਸ ਮਨਾਇਆ ਗਿਆ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਅੰਤਰ-ਕਾਲਜ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥਣਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ।