ਜਸਬੀਰ ਸ਼ੇਤਰਾ
ਜਗਰਾਉਂ, 22 ਮਈ
ਇਥੇ ਰੈੱਡ ਕਰਾਸ ਵਾਲੀ ਥਾਂ ’ਤੇ ਸ਼ਹਿਰ ਵਾਸੀਆਂ ਲਈ ਪਾਰਕ ਬਣਾਉਣ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ। ਕਾਫੀ ਸਮੇਂ ਤੋਂ ਖਾਲੀ ਪਈ ਥਾਂ ’ਤੇ ਸਫ਼ਾਈ ਦਾ ਕੰਮ ਅੱਜ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਖੁਦ ਅੱਗੇ ਲੱਗ ਕੇ ਸ਼ੁਰੂ ਕੀਤਾ। ਇਸ ਸਮੇਂ ਵੱਡੀ ਗਿਣਤੀ ’ਚ ਸ਼ਹਿਰ ਦੇ ਮੋਹਤਬਰਾਂ ਤੋਂ ਇਲਾਵਾ ‘ਆਪ’ ਵਾਲੰਟੀਅਰ ਪਹੁੰਚੇ। ਇਸ ਥਾਂ ਨੂੰ ਤਿੰਨ ਪਾਸਿਓਂ ਰਸਤੇ ਦੇ ਕੇ ਪਾਰਕ ਬਣਾਉਣ ਦੀ ਯੋਜਨਾ ਹੈ, ਜਿੱਥੇ ਸੈਰ ਤੋਂ ਇਲਾਵਾ ਕਸਰਤ ਲਈ ਓਪਨ ਜਿਮ, ਝੂਲੇ ਆਦਿ ਵੀ ਲਾਏ ਜਾਣਗੇ। ਇਸੇ ਤਰ੍ਹਾਂ ਯੋਗ ਕਰਨ ਵਾਲਿਆਂ ਲਈ ਵੱਖਰੀ ਥਾਂ ਹੋਵੇਗੀ। ਪਿੰਡਾਂ ਤੇ ਸ਼ਹਿਰ ’ਚੋਂ ਪਹੁੰਚੇ ਨੌਜਵਾਨਾਂ ਨੇ ਜੰਗਲ ਵਰਗਾ ਰੂਪ ਧਾਰ ਚੁੱਕੀ ਥਾਂ ਦੀ ਸਫਾਈ ਕੀਤੀ। ਵਿਧਾਇਕਾ ਮਾਣੂੰਕੇ ਨੇ ਆਪਣੇ ਪਤੀ ਪ੍ਰੋ. ਸੁਖਵਿੰਦਰ ਸੁੱਖੀ ਨਾਲ ਮੋਰਚਾ ਸੰਭਾਲਿਆ। ਪਾਰਕ ਬਣਨ ਦੀ ਖੁਸ਼ੀ ’ਚ ਸ਼ਹਿਰ ਵਾਸੀਆਂ ਨੇ ਵਿਧਾਇਕ ਮਾਣੂੰਕੇ ਦੀ ਸ਼ਲਾਘਾ ਕੀਤੀ। ਸ਼ਹਿਰ ਵਾਸੀਆਂ ਨੇ ਵਿਧਾਇਕ ਮਾਣੂੰਕੇ ਦਾ ਇਸ ਉੱਦਮ ਲਈ ਸਨਮਾਨ ਵੀ ਕੀਤਾ। ਪਾਰਕ ਦੀ ਸਫ਼ਾਈ ਮੌਕੇ ਲੋਕਾਂ ਨੇ ਰਾਜਨੀਤਿਕ ਹਿੱਤਾਂ ਤੋਂ ਉੱਪਰ ਉੱਠ ਕੇ ਸਹਿਯੋਗ ਦਿੱਤਾ। ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ, ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਪ੍ਰੀਤਮ ਸਿੰਘ ਅਖਾੜਾ, ਰਾਜ ਕੁਮਾਰ ਭੱਲਾ, ਸੁਖਦੇਵ ਸਿੰਘ ਸੇਬੀ, ਐਡਵੋਕੇਟ ਕਰਮ ਸਿੰਘ ਸਿੱਧੂ ਆਦਿ ਮੌਜੂਦ ਸਨ।