ਜਸਬੀਰ ਸ਼ੇਤਰਾ
ਜਗਰਾਉਂ, 26 ਅਪਰੈਲ
ਜਗਰਾਉਂ-ਰਾਏਕੋਟ ਰੋਡ ’ਤੇ ਥਾਣਾ ਸਿਟੀ ਅੱਗੇ ਕੁਲਵੰਤ ਕੌਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਸਬੰਧੀ ਦਰਜ ਪਰਚੇ ’ਚ ਨਾਮਜ਼ਦ ਡੀਐੱਸਪੀ ਸਮੇਤ ਚਾਰਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਧਰਨਾ ਤੇ ਭੁੱਖ ਹੜਤਾਲ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਧਰਨੇ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਉਥੇ ਗਿਆਰਾਂ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ’ਚ ਕਈ ਅਹਿਮ ਮਤੇ ਪਾਸੇ ਕੀਤੇ ਗਏ। ਇਸ ’ਚ ਇਨਸਾਫ਼ ਦੀ ਮੰਗ ਕਰਦਿਆਂ ਦੋਹਾਂ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਤੇ ਇਕ-ਇਕ ਜੀਅ ਨੂੰ ਨੌਕਰੀ ਦੀ ਮੰਗ ਕੀਤੀ ਗਈ। ਉਗਰਾਹਾਂ ਧੜੇ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਬਾਮਸੇਫ ਆਗੂ ਮਾਸਟਰ ਰਛਪਾਲ ਸਿੰਘ ਗਾਲਬਿ ਨੇ ਕਿਹਾ ਕਿ ਰਾਜਸੀ ਲੋਕਾਂ ਦੀ ਬਦਨੀਅਤੀ ਦਾ ਅਸਲ ਚਿਹਰਾ ਨੰਗਾ ਹੋ ਰਿਹਾ ਹੈ। ਡਕੌਂਦਾ ਧੜੇ ਦੇ ਆਗੂ ਦਰਸ਼ਨ ਸਿੰਘ ਗਾਲਬਿ ਨੇ ਪੁਲੀਸ ਦੇ ‘ਪੱਖਪਾਤੀ’ ਵਤੀਰੇ ਦੀ ਨਿੰਦਾ ਕੀਤੀ। ਉਪਰੰਤ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਹੋਈ। ਸਰਬਸੰਮਤੀ ਨਾਲ ਪਾਸ ਮਤੇ ’ਚ ਕਿਹਾ ਕਿ ਪਹਿਲੀ ਮਈ ਨੂੰ ਵਿਸ਼ਾਲ ਰੂਪ ’ਚ ਮਜ਼ਦੂਰ ਦਿਵਸ ਧਰਨੇ ਵਾਲੇ ਸਥਾਨ ’ਤੇ ਮਨਾਇਆ ਜਾਵੇਗਾ। ਇਸ ਮੌਕੇ ਚਰਨ ਸਿੰਘ ਨੂਰਪੁਰਾ, ਗੁਰਪ੍ਰੀਤ ਸਿੰਘ ਨੂਰਪੁਰਾ, ਮਹਿੰਦਰ ਸਿੰਘ, ਠਾਕੁਰ ਸਿੰਘ, ਬਲਵਿੰਦਰ ਸਿੰਘ, ਮਦਨ ਸਿੰਘ ਜਗਰਾਉਂ, ਗੁਰਚਰਨ ਸਿੰਘ ਰਸੂਲਪੁਰ ਸਰਵਿੰਦਰ ਸਿੰਘ ਸੁਧਾਰ, ਜੁਗਰਾਜ ਸਿੰਘ ਅੱਚਰਵਾਲ ਹਾਜ਼ਰ ਸਨ।