ਸੰਤੋਖ ਗਿੱਲ
ਗੁਰੂਸਰ ਸੁਧਾਰ, 2 ਮਈ
ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਚੇਤਨਾ ਮੁਹਿੰਮ ਤਹਿਤ ਪਿੰਡ ਜੜਤੌਲੀ ਵਿਚ ਜਾਗੋ ਲੈ ਕੇ ਪੁੱਜੀਆਂ ਭੈਣਾਂ ਨੇ ਪਿੰਡ ਦੀ ਸੱਥ ਵਿਚ ਰੱਜ ਕੇ ਵੈਣ ਪਾਏ, ਬੋਲੀਆਂ ਅਤੇ ਗੀਤ ਗਾ ਕੇ ਮੋਦੀ ਹਕੂਮਤ ਨੂੰ ਲਲਕਾਰਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਨਵਾਦੀ ਇਸਤਰੀ ਸਭਾ ਵੱਲੋਂ ਪਿੰਡਾਂ ਵਿੱਚ ਔਰਤਾਂ ਨੂੰ ਜਥੇਬੰਦ ਕਰ ਕੇ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਜਾਗ੍ਰਿਤੀ ਮਾਰਚ ਅਤੇ ਜਾਗੋ ਦੀ ਅਗਵਾਈ ਪ੍ਰਧਾਨ ਪਰਮਜੀਤ ਕੌਰ, ਸਕੱਤਰ ਜਸਵੀਰ ਕੌਰ ਅਤੇ ਕਮਲਜੀਤ ਕੌਰ ਨੇ ਕੀਤੀ। ਜਨਵਾਦੀ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਪ੍ਰੋਫੈ਼ਸਰ ਸੁਰਿੰਦਰ ਕੌਰ ਅਤੇ ਜ਼ਿਲ੍ਹਾ ਸਕੱਤਰ ਪ੍ਰੋਫੈ਼ਸਰ ਪਰਮਜੀਤ ਕੌਰ ਨੇ ਕਿਹਾ ਕਿ ਔਰਤਾਂ ਹੁਣ ਮੋਦੀ ਸਰਕਾਰ ਨੂੰ ਗੱਦੀ ਤੋਂ ਲਾਹ ਕੇ ਹੀ ਦਮ ਲੈਣਗੀਆਂ। ਉਨ੍ਹਾਂ ਦਿੱਲੀ ਦੀਆਂ ਸਰਹੱਦਾਂ ਉੱਪਰ ਚੱਲ ਰਹੇ ਕਿਸਾਨੀ ਘੋਲ ਵਿਚ ਸ਼ਾਮਲ ਹੋਣ ਲਈ ਭੈਣਾਂ ਅਤੇ ਕਿਸਾਨ ਭਰਾਵਾਂ ਨੂੰ ਸੱਦਾ ਦਿੱਤਾ। ਇਸ ਮੌਕੇ ਬਲਵੀਰ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਕਰਮਜੀਤ ਕੌਰ, ਰਣਜੀਤ ਕੌਰ ਗੁੱਜਰਵਾਲ, ਦਰਸ਼ਨ ਕੌਰ ਗੁੱਜਰਵਾਲ, ਕੁਲਜੀਤ ਕੌਰ ਗਰੇਵਾਲ, ਸੁਖਵਿੰਦਰ ਕੌਰ ਡੇਹਲੋਂ, ਸਲਮਾਂ, ਚਰਨਜੀਤ ਕੌਰ, ਰਣਜੀਤ ਕੌਰ, ਹਰਪ੍ਰੀਤ ਕੌਰ, ਮੋਨਿਕਾ ਢਿੱਲੋਂ ਨੇ ਵੀ ਗੀਤ, ਬੋਲੀਆਂ, ਟੱਪੇ ਗਾਏ ਅਤੇ ਸੰਬੋਧਨ ਵੀ ਕੀਤਾ।