ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 22 ਅਪਰੈਲ
ਸਥਾਨਕ ਅਨਾਜ ਮੰਡੀ ਅਤੇ ਇਸ ਦੇ ਉਪ ਖਰੀਦ ਕੇਂਦਰ ਲੱਖੋਵਾਲ ਕਲਾਂ, ਹੇਡੋਂ ਬੇਟ, ਸ਼ੇਰਪੁਰ ਬੇਟ ਅਤੇ ਬੁਰਜ ਪਵਾਤ ਵਿੱਚ 5 ਲੱਖ 30 ਹਜ਼ਾਰ ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ, ਜਿਸ ’ਚੋਂ ਕੇਵਲ 2 ਲੱਖ 13 ਹਜ਼ਾਰ ਕੁਇੰਟਲ ਦੀ ਲਿਫਟਿੰਗ ਹੋਈ ਹੈ ਜਦਕਿ 3 ਲੱਖ 17 ਹਜ਼ਾਰ ਕੁਇੰਟਲ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ। ਦੂਸਰੇ ਪਾਸੇ ਲਿਫਟਿੰਗ ਦੀ ਢਿੱਲੀ ਰਫ਼ਤਾਰ ਕਾਰਨ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ ਹਨ। ਜੇਕਰ ਮਾਛੀਵਾੜਾ ਅਨਾਜ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਹੁਣ ਤੱਕ 3 ਲੱਖ 88 ਹਜ਼ਾਰ ਕੁਇੰਟਲ ਕਣਕ ਦੀ ਖ਼ਰੀਦ ਹੋਈ ਜਿਸ ’ਚੋਂ 2 ਲੱਖ 21 ਹਜ਼ਾਰ ਕਣਕ ਅਜੇ ਫੜਾਂ ਵਿੱਚ ਹੀ ਪਈ ਹੈ। ਇਸ ਤੋਂ ਇਲਾਵਾ ਲੱਖੋਵਾਲ ਕਲਾਂ ਵਿਚ 49,396 ਕੁਇੰਟਲ ਕਣਕ ਦੀ ਖਰੀਦ ਹੋਈ ਅਤੇ ਕੇਵਲ 9 ਹਜ਼ਾਰ ਕੁਇੰਟਲ ਦੀ ਖਰੀਦ ਹੋਈ ਜਦਕਿ 40 ਹਜ਼ਾਰ ਕੁਇੰਟਲ ਬਿਨਾਂ ਲਿਫਟਿੰਗ ਪਈ ਹੈ। ਹੇਡੋਂ ਬੇਟ ਉਪ ਖਰੀਦ ਕੇਂਦਰ ਵਿੱਚ 38,317 ਕੁਇੰਟਲ ਕਣਕ ਦੀ ਖਰੀਦ ਹੋਈ, ਜਿਸ ’ਚੋਂ 11, 426 ਕੁਇੰਟਲ ਕਣਕ ਦੀ ਲਿਫਟਿੰਗ ਹੋਣੀ ਅਜੇ ਬਾਕੀ ਹੈ। ਸ਼ੇਰਪੁਰ ਬੇਟ ਉਪ ਖ਼ਰੀਦ ਕੇਂਦਰ ’ਚ 34, 965 ਕੁਇੰਟਲ ਦੀ ਖ਼ਰੀਦ ਹੋਈ ਅਤੇ 11,764 ਕੁਇੰਟਲ ਲਿਫਟਿੰਗ ਹੋਣ ਤੋਂ ਬਕਾਇਆ ਹੈ।
ਬੁਰਜ ਪਵਾਤ ਵਿੱਚ 20,205 ਕੁਇੰਟਲ ਕਣਕ ਦੀ ਖਰੀਦ ਹੋਈ ਜਿਸ ’ਚੋਂ 13 ਹਜ਼ਾਰ ਕੁਇੰਟਲ ਕਣਕ ਫੜਾਂ ’ਚ ਲਿਫਟਿੰਗ ਹੋਣ ਤੋਂ ਪਈ ਹੈ। ਆੜ੍ਹਤੀ ਹਰਜਿੰਦਰ ਸਿੰਘ ਖੇੜਾ, ਰਾਜਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਉਹ ਫਸਲ ਲਿਫਟਿੰਗ ਕਰਨ ਵਾਲੇ ਠੇਕੇਦਾਰ ਕੋਲੋਂ ਟਰੱਕਾਂ ਦੀ ਮੰਗ ਕਰਦੇ ਹਨ ਪਰ ਉਸ ਕੋਲ ਲੋੜੀਂਦੇ ਵਾਹਨ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ 72 ਘੰਟਿਆਂ ’ਚ ਮੰਡੀ ’ਚੋਂ ਲਿਫਟਿੰਗ ਹੋਵੇਗੀ ਪਰ ਅੱਜ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਫ਼ਸਲ ਮੰਡੀ ’ਚੋਂ ਨਹੀਂ ਚੁੱਕੀ ਗਈ।
ਖਰੀਦ ਏਜੰਸੀ ਦੇ ਗੁਦਾਮਾਂ ਵਿੱਚ ਜਗ੍ਹਾ ਹੀ ਨਹੀਂ: ਠੇਕੇਦਾਰ਼
ਮੰਡੀਆਂ ’ਚ ਲਿਫਟਿੰਗ ਦੇ ਠੇਕੇਦਾਰ ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਵਾਹਨਾਂ ਦੀ ਕੋਈ ਕਮੀ ਨਹੀਂ ਬਲਕਿ ਜਿਨ੍ਹਾਂ ਖਰੀਦ ਏਜੰਸੀਆਂ ਨੇ ਕਣਕ ਖਰੀਦੀ ਹੈ ਉਨ੍ਹਾਂ ਕੋਲ ਗੁਦਾਮਾਂ ਵਿੱਚ ਜਗ੍ਹਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਫ਼ੀ ਕਣਕ ਸਿੱਧੇ ਤੌਰ ’ਤੇ ਰੇਲ ਗੱਡੀਆਂ ਰਾਹੀਂ ਬਾਹਰਲੇ ਸੂਬਿਆਂ ਵਿੱਚ ਜਾਣੀ ਹੈ ਅਤੇ ਐੱਫਸੀਆਈ ਵੱਲੋਂ ਜਦੋਂ ਵੀ ਕੋਈ ਨਿਰਦੇਸ਼ ਆਉਂਦੇ ਹਨ ਤਾਂ ਉਹ ਤੁਰੰਤ ਮੰਡੀਆਂ ’ਚੋਂ ਕਣਕ ਚੁੱਕ ਰੇਲ ਗੱਡੀਆਂ ਤੱਕ ਪਹੁੰਚਾ ਦੇਣਗੇ। ਦੂਸਰੇ ਪਾਸੇ ਜਦੋਂ ਲਿਫਟਿੰਗ ਨਾ ਹੋਣ ਸਬੰਧੀ ਜ਼ਿਲਾ ਖੁਰਾਕ ਸਪਲਾਈ ਅਫ਼ਸਰ ਸਿਫ਼ਾਲੀ ਚੋਪੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਿਫਟਿੰਗ ਦੀ ਢਿੱਲੀ ਰਫ਼ਤਾਰ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਉਨ੍ਹਾਂ ਵਲੋਂ ਭਲਕੇ ਆਪਣੇ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ।