ਜਸਬੀਰ ਸ਼ੇਤਰਾ
ਜਗਰਾਉਂ, 23 ਮਾਰਚ
ਪਾਸਟਰ ਐਸੋਸੀਏਸ਼ਨ ਦੀ ਮੀਟਿੰਗ ਇਥੇ ਰਾਣੀ ਵਾਲਾ ਖੂਹ ਵਿੱਚ ਪਾਸਟਰ ਉਧਵ ਮਸੀਹ ਦੀ ਪ੍ਰਧਾਨਗੀ ਹੇਠ ਹੋਈ। ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਅਤੇ ਯੂਥ ਕੌਮੀ ਪ੍ਰਧਾਨ ਆਰਿਫ਼ ਮਸੀਹ ਚੌਹਾਨ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਲਾਰੈਂਸ ਚੌਧਰੀ ਅਤੇ ਆਰਿਫ਼ ਚੌਹਾਨ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਦੇ ਚਾਰ ਸਾਲ ਬੀਤਣ ’ਤੇ ਵੀ ਚੋਣ ਮੈਨੀਫੈਸਟੋ ਵਿੱਚੋਂ ਘੱਟ ਗਿਣਤੀਆਂ ਦੇ ਵਾਅਦਿਆਂ ’ਚੋਂ ਇੱਕ ਵੀ ਪੂਰਾ ਨਹੀਂ ਕੀਤਾ। ਇਸ ਕਾਰਨ ਮਸੀਹੀ ਭਾਈਚਾਰੇ ’ਚ ਸਰਕਾਰ ਵਿਰੁੱਧ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜਗਰਾਉਂ ਦੇ ਮਸੀਹੀ ਭਾਈਚਾਰੇ ਨੇ 2016 ’ਚ ਭਾਰੀ ਗਿਣਤੀ ’ਚ ਇਕੱਠੇ ਹੋ ਕੇ ਐੱਸਡੀਐੱਮ ਨੂੰ ਕਬਰਿਸਤਾਨ ਦੀ ਅਲਾਟਮੈਂਟ ਲਈ ਧਰਨਾ ਦਿੱਤਾ ਸੀ। ਸਰਕਾਰ ਦੇ ਪੇਂਡੂ ਅਤੇ ਪੰਚਾਇਤ ਵਿਕਾਸ ਵਿਭਾਗ ਪੱਤਰ ਨੰਬਰ 723,-35 ਮਿਤੀ 28/3/2016 ਰਾਹੀਂ 12 ਬਲਾਕਾਂ ਨੂੰ ਜ਼ਮੀਨ ਅਲਾਟ ਕਰਨ ਦੇ ਹੁਕਮ ਦਿੱਤੇ ਸਨ ਪਰ ਬੜੇ ਦੁਖ ਦੀ ਗੱਲ ਹੈ ਕਿ ਸਰਕਾਰੀ ਹੁਕਮ ਪੰਜ ਸਾਲ ਬਾਅਦ ਵੀ ਦਫ਼ਤਰਾਂ ਦੀ ਧੂੜ ਚੱਟ ਰਹੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸਾਸ਼ਨ ਨੂੰ ਤਾੜਨਾ ਕੀਤੀ ਕਿ ਜੇਕਰ ਉਕਤ ਪੱਤਰ ਅਨੁਸਾਰ ਇਨ੍ਹਾਂ ਬਲਾਕਾ ’ਚ ਜ਼ਮੀਨ ਅਲਾਟ ਨਾ ਹੋਈ ਤਾਂ ਮ੍ਰਿਤਕ ਵਿਅਕਤੀਆਂ ਨੂੰ ਹਾਈਵੇਅ ਪੁੱਟ ਕੇ ਦਫ਼ਨਾਇਆ ਜਾਵੇਗਾ।