ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਅਪਰੈਲ
ਪੰਜਾਬ ਦੀਆਂ ਸਮੂਹ ਪੱਲੇਦਾਰ ਯੂਨੀਅਨਾਂ ਨੇ ਮੰਗਾਂ ਸਬੰਧੀ ਪੰਜਾਬ ਸਰਕਾਰ ਵਲੋਂ ਸੌ ਦਿਨ ਬਾਅਦ ਵੀ ਕੋਈ ਫ਼ੈਸਲਾ ਨਾ ਲੈਣ ਤੋਂ ਖਫਾ ਹੋ ਕੇ ਹੜਤਾਲ ਦੀ ਚਿਤਾਵਨੀ ਦਿੱਤੀ ਹੈ। ਰਾਜ ਭਰ ’ਚ ਪੱਲੇਦਾਰ ਵਲੋਂ ਕੰਮ ਛੱਡ ਕੇ ਹੜਤਾਲ ’ਤੇ ਜਾਣ ਨਾਲ ਹਾੜ੍ਹੀ ਦਾ ਚੱਲ ਰਿਹਾ ਸੀਜ਼ਨ ਪ੍ਰਭਾਵਿਤ ਹੋ ਸਕਦਾ ਹੈ। ਇਨ੍ਹਾਂ ਯੂਨੀਅਨਾਂ ਦੇ ਸਾਂਝੇ ਵਫ਼ਦ ਨੇ ਕਿਹਾ ਹੈ ਕਿ ਉਹ 21 ਅਪਰੈਲ ਤੋਂ ਹੜਤਾਲ ’ਤੇ ਚਲੇ ਜਾਣਗੇ ਜੇਕਰ ਸਰਕਾਰ ਨੇ ਫੌਰੀ ਉਨ੍ਹਾਂ ਦੀਆਂ ਵਾਜਬ ਮੰਗਾਂ ਵੱਲ ਧਿਆਨ ਨਾ ਦਿੱਤਾ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਨੂੰ ਯੂਨੀਅਨਾਂ ਦਾ ਸਾਂਝਾ ਵਫ਼ਦ ਮਿਲਿਆ ਅਤੇ ਲਿਖਤ ਰੂਪ ‘ਚ ਪੱਤਰ ਦੇ ਕੇ ਇਹ ਚਿਤਾਵਨੀ ਦਿੱਤੀ ਹੈ। ਪ੍ਰਧਾਨ ਰਮੇਸ਼ ਕੁਮਾਰ ਮੇਸ਼ੀ ਸਹੋਤਾ, ਪ੍ਰਧਾਨ ਅਵਤਾਰ ਸਿੰਘ ਹਠੂਰ, ਜਨਰਲ ਸਕੱਤਰ ਖੁਸ਼ੀ ਮੁਹੰਮਦ, ਸਿਕੰਦਰਪਾਲ ਸਿੰਘ ਨੇ ਇਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਪੱਲੇਦਾਰਾਂ ਦੀਆਂ ਹੱਕੀ ਮੰਗਾਂ ਨੂੰ ਉਠਾਇਆ ਗਿਆ ਸੀ। ਇਸ ਸਬੰਧੀ ਅੱਜ 103 ਬੀਤ ਜਾਣ ਤੋਂ ਬਾਅਦ ਵੀ ਸਰਕਾਰ ਨੇ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ। ਸਰਕਾਰ ਇਨ੍ਹਾਂ ਮੰਗਾਂ ਨੂੰ ਵਿਸਾਰ ਚੁੱਕੀ ਹੈ ਅਤੇ ਠੇਕੇਦਾਰੀ ਪ੍ਰਬੰਧ ਨੂੰ ਖ਼ਤਮ ਕਰਨ ਲਈ ਵੀ ਕੋਈ ਫ਼ੈਸਲਾ ਨਹੀਂ ਲਿਆ ਗਿਆ। ਇਸ ਲਈ ਮੁੱਖ ਮੰਤਰੀ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਇਹ ਚਿਤਾਵਨੀ ਪੱਤਰ ਭੇਜ ਕੇ ਸੂਚਿਤ ਕੀਤਾ ਗਿਆ ਹੈ। ਹੁਣ ਵੀ ਜੇਕਰ ਸਰਕਾਰ ਤੇ ਵਿਭਾਗ ਨੇ ਕੋਈ ਕਦਮ ਨਾ ਚੁੱਕਿਆ ਤਾਂ ਪੰਜਾਬ ਦੇ ਸਮੂਹ ਪੱਲੇਦਾਰ 21 ਅਪਰੈਲ ਤੋਂ ਮੰਡੀਆਂ ਦਾ ਕੰਮ ਛੱਡ ਕੇ ਹੜਤਾਲ ’ਤੇ ਜਾਣਗੇ। ਇਸ ਨਾਲ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰ ਖੁਦ ਸਰਕਾਰ ਹੋਵੇਗੀ।