ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਪਰੈਲ
ਥਾਣਾ ਜਮਾਲਪੁਰ ਦੀ ਪੁਲੀਸ ਨੇ ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਵੀਰ ਪੈਲੇਸ ਜਮਾਲਪੁਰ ਕੋਲ ਬਲਜੀਤ ਸਿੰਘ ਨੂੰ ਟੱਕਰ ਮਾਰ ਉਸਨੂੰ ਅਗਵਾ ਕੀਤਾ ਤੇ ਉਸ ਕੋਲੋਂ 70 ਹਜ਼ਾਰ ਲੁੱਟ ਕੇ ਫ਼ਰਾਰ ਹੋ ਗਏ। ਪੁਲੀਸ ਨੇ ਇਸ ਮਾਮਲੇ ’ਚ ਲਾਡੋਵਾਲ ਦੇ ਪਿੰਡ ਕੁਤਬੇਵਾਲ ਗੁੱਜਰਾਂ ਵਾਸੀ ਗੁਰਵਿੰਦਰ ਸਿੰਘ ਉਰਫ਼ ਰੂਬੀ, ਸੋਨੂੰ ਸਿੰਘ, ਪਿੰਡ ਫਤਹਿਗੜ੍ਹ ਗੁੱਜਰਾਂ ਵਾਸੀ ਬੀਰਬਲ ਸਿੰਘ ਉਰਫ਼ ਬੰਟੀ ਤੇ ਜੱਜ ਸਿੰਘ ਉਰਫ਼ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਵਾਰਦਾਤ ਲਈ ਵਰਤੋਂ ਗਈ ਇਨੋਵਾ, 2 ਮੋਟਰਸਾਈਕਲ, ਪਿਸਤੌਲ ਖਿਡੌਣਾ, ਹਥਿਆਰ ਤੇ ਲੁੱਟੀ ਹੋਈ 19 ਹਜ਼ਾਰ ਕੈਸ਼ ਵੀ ਮੁਲਜ਼ਮਾਂ ਤੋਂ ਬਰਾਮਦ ਹੋਇਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ 2 ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਏਸੀਪੀ ਇੰਡਸਟਰੀ ਏਰੀਆ-ਏ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਆਪਣੀ ਸਕੂਟਰੀ ’ਤੇ ਜਾ ਰਿਹਾ ਸੀ ਤਾਂ ਰਾਤ 9 ਵਜੇ ਦੇ ਕਰੀਬ ਮੁਲਜ਼ਮਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਬਲਜੀਤ ਸਿੰਘ ਨੂੰ ਗੱਡੀ ’ਚ ਸੁੱਟ ਕੇ ਅਗਵਾ ਕਰ ਲਿਆ ਤੇ ਉਸ ਕੋਲੋਂ 70 ਹਜ਼ਾਰ ਦੀ ਨਗਦੀ ਲੁੱਟ ਕੇ ਉਸਨੂੰ ਕੁਝ ਦੂਰੀ ’ਤੇ ਸੁੱਟ ਕੇ ਫ਼ਰਾਰ ਹੋ ਗਏ। ਬਲਜੀਤ ਸਿੰਘ ਨੇ ਇਸਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਪੁਲੀਸ ਨੇ ਮੁਲਜ਼ਮਾਂ ਨੂੰ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਉਕਤ ਸਾਮਾਨ ਬਰਾਮਦ ਕੀਤਾ। ਪੁਲੀਸ ਅਨੁਸਾਰ ਮੁਲਜ਼ਮ ਰੂਬੀ ਖਿਲਾਫ਼ ਥਾਣਾ ਫੋਕਲ ਪੁਆਇੰਟ ਅਤੇ ਥਾਣਾ ਡਿਵੀਜ਼ਨ ਨੰਹਰ 8 ’ਚ ਲੁੱਟ ਦੇ ਕੇਸ ਦਰਜ ਹਨ ਜਦੋਂਕਿ ਜੱਜ ਖਿਲਾਫ਼ ਫੋਕਲ ਪੁਆਇੰਟ ’ਚ ਲੁੱਟ ਦਾ ਕੇਸ ਦਰਜ ਹੈ।