ਰਾਮ ਗੋਪਾਲ ਰਾਏਕੋਟੀ
ਰਾਏਕੋਟ, 6 ਨਵੰਬਰ
ਮੰਡੀ ਬੋਰਡ ਅਧੀਨ ਆਉਂਦੀ ਲੁਧਿਆਣਾ-ਬਠਿੰਡਾ ਹਾਈਵੇਅ ਤੋਂ ਪਿੰਡ ਜਲਾਲਦੀਵਾਲ ਨੂੰ ਜਾਂਦੀ ਲਿੰਕ ਸੜਕ ’ਤੇ ਲੁੱਕ ਨਾ ਪਾਏ ਜਾਣ ਕਾਰਨ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦਿਖਾਉਂਦੇ ਹੋਏ ਲੋਕਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਇਸ ਮੌਕੇ ਜੀਓਜੀ ਸੂਬੇਦਾਰ ਬਲਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪਿੰਡ ਇਕਾਈ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਇੰਦਰਜੀਤ ਸਿੰਘ ਮੌੜ, ਗੁਰਮੇਲ ਸਿੰਘ, ਮਨਮੋਹਣ ਸਿੰਘ, ਠੇਕੇਦਾਰ ਬੂਟਾ ਸਿੰਘ, ਅਮਰੀਕ ਸਿੰਘ ਸੋਖਲ, ਬਲਵਿੰਦਰ ਸਿੰਘ, ਤੇਜਿੰਦਰ ਸਿੰਘ, ਸਮਸ਼ੇਰ ਸਿੰਘ, ਅਮਰਜੀਤ ਸਿੰਘ ਭੋਲਾ ਤੇ ਕੁਲਵਿੰਦਰ ਸਿੰਘ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਪਿੰਡ ਜਲਾਲਦੀਵਾਲ ਨੂੰ ਜੋੜਦੀ ਤਕਰੀਬਨ 1.22 ਕਿਲੋਮੀਟਰ ਸੜਕ ’ਤੇ ਵੱਟੇ ਪਾਇਆਂ ਨੂੰ ਪੰਜ ਮਹੀਨੇ ਬੀਤ ਚੁੱਕੇ ਹਨ ਪਰ ਸੜਕ ’ਤੇ ਅਜੇ ਤੱਕ ਲੁੱਕ (ਤਾਰਕੋਲ) ਨਹੀਂ ਪਾਈ ਗਈ। ਸੜਕ ਤੋਂ ਵੱਟੇ ਉੱਖੜ ਚੁੱਕੇ ਹਨ ਤੇ ਇਸ ’ਤੇ ਚੱਲਣਾ ਵੀ ਔਖਾ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਐਸਡੀਐਮ ਰਾਏਕੋਟ ਨੂੰ ਵੀ ਕਈ ਵਾਰ ਮਿਲ ਚੁੱਕੇ ਹਨ, ਪਰ ਸੜਕ ਉੱਪਰ ਲੁੱਕ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਹੁਣ ਤਾਂ ਵੱਟੇ ਉਖੜਨੇ ਸ਼ੁਰੂ ਹੋ ਗਏ ਹਨ। ਜੀਓਜੀ ਸੂਬੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੜਕ ’ਤੇ ਲੁੱਕ ਪਾਉਣ ਲਈ ਉਹ ਵੀ ਆਪਣੇ ਵੱਲੋਂ ਹਰ ਮਹੀਨੇ ਰਿਪੋਰਟ ਬਣਾ ਕੇ ਭੇਜਦੇ ਹਨ, ਪਰ ਮੰਡੀ ਬੋਰਡ ਵੱਲੋਂ ਲੁੱਕ ਨਹੀਂ ਪਾਈ ਜਾ ਰਹੀ। ਉਨ੍ਹਾਂ ਕਿਹਾ ਕਿ ਇਹ ਲਿੰਕ ਸੜਕ ਅੱਗੇ ਕਈ ਪਿੰਡਾਂ ਕਾਲਸਾਂ, ਬੋਪਰਾਏ ਖੁਰਦ, ਕਲਾਲ ਮਾਜਰਾ, ਧਨੇਰ ਆਦਿ ਨੂੰ ਜੋੜਦੀ ਹੈ, ਜਿਸ ਕਾਰਨ ਆਮ ਲੋਕਾਂ ਦਾ ਇੱਥੋਂ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਬੀਕੇਯੂ ਇਕਾਈ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਜੇ ਪ੍ਰਸ਼ਾਸਨ ਵੱਲੋਂ ਸੜਕ ’ਤੇ ਲੁੱਕ ਨਾ ਪਾਈ ਗਈ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਹਾਈਵੇਅ ਜਾਮ ਕਰਨਗੇ।
ਕੁਝ ਦਿਨਾਂ ਵਿਚ ਲੁੱਕ ਪਾ ਦਿੱਤੀ ਜਾਵੇਗੀ: ਐਸਡੀਓ
ਇਸ ਸਬੰਧੀ ਮੰਡੀ ਬੋਰਡ ਦੇ ਐਸਡੀਓ ਜਤਿਨ ਕੁਮਾਰ ਨੇ ਕਿਹਾ ਕਿ ਮਜ਼ਦੂਰ ਨਾ ਮਿਲਣ ਕਰ ਕੇ ਸੜਕ ’ਤੇ ਲੁੱਕ ਨਹੀਂ ਪੈ ਸਕੀ ਸੀ। ਉਨ੍ਹਾਂ ਕਿਹਾ ਕਿ ਆਉਂਦੇ ਕੁੱਝ ਦਿਨਾਂ ਵਿੱਚ ਹੀ ਸੜਕ ’ਤੇ ਲੁੱਕ ਪਾ ਕੇ ਇਸ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ।