ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਅਗਸਤ
ਵਕੀਲ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਇੱਕ ਮੁਲਜ਼ਮ ਤੋਂ ਦਸ ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ ਥਾਣਾ ਜਮਾਲਪੁਰ ’ਚ ਤਾਇਨਾਤ ਏਐੱਸਆਈ ਨੂੰ ਵਿਜੀਲੈਂਸ ਦੀ ਟੀਮ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਏਐੱਸਆਈ ਨੇ ਅਦਾਲਤ ’ਚ ਚੱਲ ਰਹੇ ਮੁਕੱਦਮੇ ’ਚੋਂ ਬਰੀ ਕਰਵਾਉਣ ਦੇ ਬਦਲੇ ’ਚ 25 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ 20 ਹਜ਼ਾਰ ’ਚ ਗੱਲ ਪੱਕੀ ਹੋ ਗਈ ਸੀ। ਏਐੱਸਆਈ ਦੇ ਪੈਸੇ ਮੰਗਣ ਦਾ ਵੀਡੀਓ ਵੀ ਵਾਇਰਲ ਹੋ ਚੁੱਕਿਆ ਹੈ। ਸੋਮਵਾਰ ਨੂੰ ਵਿਜੀਲੈਂਸ ਦੀ ਟੀਮ ਨੇ ਜਮਾਲਪੁਰ ਥਾਣੇ ’ਚ ਹੀ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਏਐੱਸਆਈ ਨੂੰ ਗ੍ਰਿਫ਼ਤਾਰ ਕਰ ਲਿਆ।
ਡੀਐੱਸਪੀ ਵਿਜੀਲੈਂਸ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਮਈ 2020 ਨੂੰ ਬਚਿੱਤਰ ਸਿੰਘ ਨਗਰ ਵਾਸੀ ਵਕੀਲ ਉਤੇ ਇੱਕ ਮੁਲਜ਼ਮ ਨੇ ਚਾਕੂ ਨਾਲ ਹਮਲਾ ਕੀਤਾ ਸੀ। ਹਮਲਾ ਕਰਨ ਵਾਲਾ ਮੁਲਜ਼ਮ ਸੀਸੀਟੀਵੀ ’ਚ ਕੈਦ ਹੋ ਗਿਆ ਸੀ। ਚਾਰ ਮਈ ਨੂੰ ਥਾਣਾ ਜਮਾਲਪੁਰ ਪੁਲੀਸ ਨੇ ਕੇਸ ਦਰਜ ਕਰਕੇ ਬਚਿੱਤਰ ਨਗਰ ਵਾਸੀ ਅਜੇ ਤਿਵਾੜੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਸੀ।
28 ਜੁਲਾਈ ਨੂੰ ਅਜੇ ਤਿਵਾੜੀ ਦੀ ਜ਼ਮਾਨਤ ਹੋ ਗਈ ਸੀ। ਅਜੈ ਤਿਵਾੜੀ ਦੀ ਪਤਨੀ ਮਾਧੁਰੀ ਦੇਵੀ ਨੇ ਪੁਲੀਸ ਕਮਿਸ਼ਨਰ ਦੇ ਕੋਲ ਇੱਕ ਸ਼ਿਕਾਇਤ ਦੇ ਕੇ ਉਸਦੇ ਪਤੀ ਨੂੰ ਬੇਕਸੂਰ ਹੋਣ ਦੀ ਗੱਲ ਕਹੀ ਸੀ। ਇੱਕ ਅਗਸਤ ਨੂੰ ਏਐੱਸਆਈ ਜਸਵਿੰਦਰ ਸਿੰਘ ਨੇ ਜੋੜੇ ਨੂੰ ਥਾਣਾ ਜਮਾਲਪੁਰ ’ਚ ਬੁਲਾਇਆ। ਉਨ੍ਹਾਂ ਨੂੰ ਮਾਮਲੇ ’ਚੋਂ ਬਰੀ ਹੋਣ ਦੇ ਲਈ 25 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ। ਮਿੰਨਤਾਂ ਕਰਨ ’ਤੇ ਇਹ ਸੌਦਾ 20 ਹਜ਼ਾਰ ’ਚ ਤੈਅ ਹੋ ਗਿਆ। ਏਐੱਸਆਈ ਨੇ ਅਜੈ ਤਿਵਾੜੀ ਨੂੰ 10 ਹਜ਼ਾਰ ਰੁਪਏ ਦੀਆਂ ਦੋ ਕਿਸ਼ਤਾਂ ’ਚ ਪੈਸੇ ਦੇਣ ਲਈ ਕਿਹਾ ਸੀ।