ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜੁਲਾਈ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ’ਚ ਪਿਛਲੀਆਂ ਸਰਕਾਰਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਸਾਬਕਾ ਕੈਬਨਿਟ ਮੰਤਰੀਆਂ ’ਤੇ ਸ਼ਿਕੰਜਾ ਵੀ ਕੱਸਿਆ ਜਾ ਰਿਹਾ ਹੈ। ਦੋ ਸਾਬਕਾ ਮੰਤਰੀਆਂ ’ਤੇ ਕੇਸ ਦਰਜ ਕਰਨ ਤੋਂ ਮਗਰੋਂ ਹੁਣ ਸਰਕਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ’ਚ ਲੱਗ ਰਹੀ ਹੈ। ਦੱਸਿਆ ਜਾਂਦਾ ਹੈ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਨੂੰ ਸਾਬਕਾ ਕੈਬਨਿਟ ਵਜ਼ੀਰ ਆਸ਼ੂ ਦੀ ਸਿਫ਼ਾਰਿਸ਼ ’ਤੇ ਹੀ ਚੇਅਰਮੈਨ ਬਣਾਇਆ ਗਿਆ ਸੀ। ਪਲਾਟ ਵੰਡ ’ਚ ਹੋਏ ਘੁਟਾਲੇ ਦਾ ਦੋਸ਼ ਲਾ ਕੇ ਸਾਬਕਾ ਚੇਅਰਮੈਨ ’ਤੇ ਕੇਸ ਦਰਜ ਕਰ ਲਿਆ। ਜੇਕਰ ਰਮਨ ਬਾਲਾ ਸੁਬਰਾਮਨੀਅਮ ਗ੍ਰਿਫ਼ਤਾਰ ਹੋ ਜਾਂਦੇ ਤਾਂ ਆਸ਼ੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ, ਕਿਉਂਕਿ ਆਸ਼ੂ ਪਹਿਲਾਂ ਹੀ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ’ਚ ਆਪਣੇ ਬਚਾਅ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪੁੱਜ ਚੁੱਕੇ ਹਨ। ਉਨ੍ਹਾਂ ਦੇ ਹੋਰ ਵੀ ਨਜ਼ਦੀਕੀ ਸਾਥੀ ਵਿਜੀਲੈਂਸ ਦੀ ਰਡਾਰ ’ਤੇ ਹਨ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ’ਤੇ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਮਜ਼ਬੂਤ ਬਣਾ ਕੇ ਮੰਤਰੀ ਤੱਕ ਪੁੱਜਣ ਦੀ ਫਿਰਾਕ ’ਚ ਹੈ। ਵਿਜੀਲੈਂਸ ਬਿਊਰੋ ਪੰਜਾਬ ਨੂੰ ਹੁਣ ਤੱਕ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਵੱਖ-ਵੱਖ 18 ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਸੂਤਰ ਦੱਸਦੇ ਹਨ ਕਿ ਈਓ ਕੁਲਜੀਤ ਕੌਰ ਤੇ ਪ੍ਰਵੀਨ ਕੁਮਾਰ ਸਾਬਕਾ ਚੇਅਰਮੈਨ ਰਮਨ ਸੁਬਰਾਮਨੀਅਮ ਦੇ ਬੇਹੱਦ ਖਾਸ ਸਨ ਤੇ ਸਾਬਕਾ ਚੇਅਰਮੈਨ ਵੀ ਸਾਬਕਾ ਮੰਤਰੀ ਆਸ਼ੂ ਦੇ ਖਾਸ ਸਾਥੀਆਂ ’ਚੋਂ ਇੱਕ ਰਹੇ ਹਨ।
ਸਨਅਤੀ ਸ਼ਹਿਰ ਸਿਆਸੀ ਮਾਹੌਲ ਗਰਾਮਾਇਆ
ਉਧਰ, ਇਸ ਐੱਫਆਈਆਰ ਤੋਂ ਬਾਅਦ ਲੁਧਿਆਣਾ ਵਿੱਚ ਸਿਆਸੀ ਮਾਹੌਲ ਕਾਫ਼ੀ ਗਰਮਾ ਗਿਆ ਹੈ। ਹਰ ਕੋਈ ਫੋਨ ’ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਬਾਕੀ ਲੋਕਾਂ ’ਤੇ ਦਰਜ ਹੋਏ ਮਾਮਲੇ ਦੀ ਰਿਪੋਰਟ ਲੈਣ ’ਚ ਲੱਗੇ ਰਿਹਾ। ਸੂਤਰ ਦੱਸਦੇ ਹਨ ਕਿ ਹਰ ਕੋਈ ਸਾਬਕਾ ਚੇਅਰਮੈਨ ਦੇ ਗ੍ਰਿਫ਼ਤਾਰ ਕੀਤੇ ਗਏ ਪੀਏ ਸੰਦੀਪ ਸ਼ਰਮਾ ਦੇ ਕੋਲੋਂ ਹੋ ਕੇ ਹੀ ਜਾਂਦਾ ਸੀ। ਸ਼ਹਿਰ ਦੇ ਵੱਡੇ ਕਾਂਗਰਸੀ ਆਗੂਆਂ ਨੂੰ ਸਾਬਕਾ ਚੇਅਰਮੈਨ ਨਾਲ ਕੋਈ ਕੰਮ ਹੁੰਦਾ ਤਾਂ ਇਸਦੀ ਜਾਣਕਾਰੀ ਵੀ ਸੰਦੀਪ ਕੋਲ ਹੁੰਦੀ ਸੀ ਜਿਸ ਕਾਰਨ ਸਥਾਨਕ ਵੱਡੇ ਕਾਂਗਰਸੀ ਆਗੂਆਂ ਦੇ ਵੀ ਪਸੀਨੇ ਛੁੱਟ ਰਹੇ ਹਨ। ਇਹ ਵੀ ਚਰਚਾ ਹੈ ਕਿ ਸ਼ਹਿਰ ਦੇ ਕਈ ਵੱਡੇ ਕਾਂਗਰਸੀ ਨੇਤਾ ਤਾਂ ਪਹਿਲਾਂ ਹੀ ਸ਼ਹਿਰ ਛੱਡ ਚੁੱਕੇ ਹਨ ਅਤੇ ਹੁਣ ਕਈ ਲੋਕਾਂ ’ਤੇ ਵਿਜੀਲੈਂਸ ਦੀ ਗਾਜ ਡਿੱਗ ਸਕਦੀ ਹੈ।