ਪੱਤਰ ਪ੍ਰੇਰਕ
ਮਾਛੀਵਾੜਾ, 8 ਜੂਨ
ਸਥਾਨਕ ਅਨਾਜ ਮੰਡੀ ਵਿੱਚ ਮੱਕੀ ਦੀ ਆਮਦ ਜ਼ੋਰ ਫੜਦੀ ਜਾ ਰਹੀ ਹੈ ਅਤੇ ਇਸ ਵਾਰ ਇਹ ਫ਼ਸਲ ਰਿਕਾਰਡ ਤੋੜ ਭਾਅ 2,070 ਰੁਪਏ ਔਸਤਨ ਪ੍ਰਤੀ ਕੁਇੰਟਲ ਵਿਕ ਰਹੀ ਹੈ ਪਰ ਨਾਲ ਹੀ ਇਸ ਵਾਰ ਅੱਤ ਦੀ ਗਰਮੀ ਪੈਣ ਕਾਰਨ ਫਸਲ ਦਾ ਘੱਟ ਝਾੜ ਹੈ। ਇਸ ਕਾਰਨ ਕਿਸਾਨਾਂ ਨੂੰ ਮਾਯੂਸੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮਾਛੀਵਾੜਾ ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦਾਣਾ ਮੰਡੀ ’ਚ 3100 ਕੁਇੰਟਲ ਮੱਕੀ ਦੀ ਫਸਲ ਪ੍ਰਾਈਵੇਟ ਵਪਾਰੀਆਂ ਵਲੋਂ ਖ਼ਰੀਦੀ ਜਾ ਚੁੱਕੀ ਹੈ। ਬੇਸ਼ੱਕ ਸਰਕਾਰ ਵੱਲੋਂ ਇਸ ਦਾ ਤੈਅ ਕੀਤਾ ਗਿਆ ਸਮਰਥਨ ਮੁੱਲ 1875 ਰੁਪਏ ਪ੍ਰਤੀ ਕੁਇੰਟਲ ਹੈ ਪਰ ਇਸ ਵਾਰ ਇਹ ਸੁੱਕੀ ਫਸਲ 2,050 ਤੋਂ ਲੈ ਕੇ 2100 ਰੁਪਏ ਤੱਕ ਵਿਕ ਰਹੀ ਹੈ। ਮਾਛੀਵਾੜਾ ਦਾਣਾ ਮੰਡੀ ਵਿੱਚ ਮੱਕੀ ਦੀ ਆਮਦ ਪਿਛਲੇ ਸਾਲ ਨਾਲੋਂ ਵੱਧ ਹੈ ਕਿਉਂਕਿ ਇੱਥੇ ਭਾਅ ਵਿੱਚ ਤੇਜ਼ੀ ਹੋਣ ਕਾਰਨ ਆਸ-ਪਾਸ ਦੇ ਇਲਾਕਿਆਂ ਤੋਂ ਵੀ ਮੱਕੀ ਵਿਕਣ ਲਈ ਆ ਰਹੀ ਹੈ। ਸਕੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਵਿੱਚ ਮੱਕੀ ਫਸਲ ਖ਼ਰੀਦ ’ਤੇ ਮਾਰਕੀਟ ਫੀਸ ਦੀ ਚੋਰੀ ਨਾ ਹੋਵੇ, ਇਸ ਲਈ ਵਪਾਰੀਆਂ ਨੂੰ ਸਖ਼ਤ ਤਾੜਨਾ ਦਿੱਤੀ ਗਈ ਹੈ ਕਿ ਉਹ ਨਿਯਮਾਂ ਅਨੁਸਾਰ ਖਰੀਦ ਕਰਨ ਅਤੇ ਬਣਦੀ ਫੀਸ ਅਦਾ ਕਰਨ। ਇਸ ਤੋਂ ਇਲਾਵਾ ਵਪਾਰੀ ਕਿਸਾਨਾਂ ਨੂੰ ਫਸਲ ਦੀ ਤੁਰੰਤ ਅਦਾਇਗੀ ਵੀ ਯਕੀਨੀ ਬਣਾਉਣ। ਅੱਜ ਮਾਛੀਵਾੜਾ ਅਨਾਜ ਮੰਡੀ ਵਿਚ ਫਸਲ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਅੱਤ ਦੀ ਗਰਮੀ ਕਾਰਨ ਪਹਿਲਾਂ ਕਣਕ ਦੀ ਫਸਲ ਦਾ ਝਾੜ ਘੱਟ ਨਿਕਲਣ ਕਾਰਨ ਜਿੱਥੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੇਲਣਾ ਪਿਆ ਉੱਥੇ ਹੁਣ ਮੱਕੀ ਦੀ ਫ਼ਸਲ ਵੀ ਗਰਮੀ ਕਾਰਨ 30 ਤੋਂ 35 ਕੁਇੰਟਲ ਹੀ ਪ੍ਰਤੀ ਏਕੜ ਨਿਕਲ ਰਹੀ ਹੈ ਜਦ ਕਿ ਪਿਛਲੇ ਸਾਲ ਇਹ ਝਾੜ 40 ਕੁਇੰਟਲ ਤੋਂ ਵੱਧ ਸੀ। ਬੇਸ਼ੱਕ ਇਸ ਵਾਰ ਮੱਕੀ ਦੀ ਫਸਲ ਦਾ ਭਾਅ ਚੰਗਾ ਹੈ ਪਰ ਘੱਟ ਝਾੜ ਨੇ ਕਿਸਾਨਾਂ ਨੂੰ ਮਾਯੂਸ ਕਰਕੇ ਰੱਖ ਦਿੱਤਾ ਹੈ।