ਸਮਰਾਲਾ: ਸਥਾਨਕ ਸਿਵਲ ਹਸਪਤਾਲ ’ਚ ਸੀਨੀਅਰ ਮੈਡੀਕਲ ਅਫਸਰ ਡਾ. ਤਾਰਕਜੋਤ ਸਿੰਘ ਦੀ ਅਗਵਾਈ ਹੇਠ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਦੇ ‘ਸਟੈਮੀ ਪ੍ਰਾਜੈਕਟ’ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਪ੍ਰਾਜੈਕਟ ਦਿਲ ਦੀਆਂ ਨਾੜੀਆਂ ਵਿਚ ਆਉਣ ਵਾਲੇ ਕਲੋਟ ਦੇ ਇਲਾਜ ਲਈ ਡਾ. ਵਿਸ਼ਵਮੋਹਨ ਹੀਰੋ ਹਾਰਟ ਦੀ ਅਗਵਾਈ ਵਿੱਚ ਚੱਲ ਰਿਹਾ ਹੈ। ਡਾ. ਤਾਰਕਜੋਤ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਹਾਰਟ ਅਟੈਕ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਇਹ ਟੀਕਾ ਕਰੀਬ 35 ਹਜ਼ਾਰ ਵਿੱਚ ਮਿਲਦਾ ਹੈ ਪਰ ਸਿਵਲ ਹਸਪਤਾਲ ਸਮਰਾਲਾ ’ਚ ਇਹ ਇੰਜੈਕਸ਼ਨ ਬਿਲਕੁਲ ਮੁਫਤ ਲਗਾਇਆ ਜਾਂਦਾ ਹੈ। ਇਸ ਮੌਕੇ ਨੋਡਲ ਅਫਸਰ ਡਾ. ਸੰਦੀਪ ਮਾਨਵ ਨੇ ਲੋਕਾਂ ਨੂੰ ਦਿਲ ਅਤੇ ਛਾਤੀ ਦੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਗੁਰਿੰਦਰ ਕੌਰ, ਡਾ. ਸੁਧਾ ਵਾਸੂਦੇਵ, ਡਾ. ਅੰਮ੍ਰਿਤਪਾਲ ਕੌਰ, ਡਾ. ਮਨਿੰਦਰਜੀਤ ਸਿੰਘ, ਨਰਸਿੰਗ ਸਿਸਟਰ ਦਲਜੀਤ ਕੌਰ ਅਤੇ ਸਮੂਹ ਸਟਾਫ ਵੀ ਹਾਜ਼ਰ ਸੀ। -ਪੱਤਰ ਪ੍ਰੇਰਕ