ਗਗਨਦੀਪ ਅਰੋੜਾ
ਲੁਧਿਆਣਾ, 18 ਜੁਲਾਈ
ਸਨਅਤੀ ਸ਼ਹਿਰ ਦੇ ਕੁੰਦਨਪੁਰੀ ਇਲਾਕੇ ਨੇੜੇ ਉਪਕਾਰ ਨਗਰ ਵਿੱਚ ਸੋਮਵਾਰ ਰਾਤ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਘਰ ਵਿੱਚ ਕੰਮ ਕਰਨ ਵਾਲੀ ਇੱਕ ਨਾਬਾਲਿਗ ਲੜਕੀ ਦੀ ਸ਼ੱਕੀ ਹਲਾਤ ਵਿੱਚ ਮੌਤ ਹੋ ਗਈ। ਲੜਕੀ ਦੀ ਮੌਤ ਦੀ ਖ਼ਬਰ ਜਿਵੇਂ ਹੀ ਉਸ ਦੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗੀ ਤਾਂ ਉਹ ਮੌਕੇ ’ਤੇ ਪੁੱਜ ਗਏ। ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਲੜਕੀ ਦਾ ਕਤਲ ਕਰਕੇ ਉਸ ਨੂੰ ਖੁਦਕੁਸ਼ੀ ਦੇ ਮਾਮਲੇ ਵਿੱਚ ਬਦਲਿਆ ਗਿਆ ਹੈ। ਮੌਕੇ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਵੀ ਪੁੱਜ ਗਏ। ਇਸ ਦੌਰਾਨ ਪੁਲੀਸ ਦੇ ਨਾਲ ਗੱਲ ਕਰਦੇ ਹੋਏ ਮ੍ਰਿਤਕ ਲੜਕੀ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕਰ ਦਿੱਤਾ। ਲੋਕਾਂ ਨੇ ਘਰ ਦੇ ਅੰਦਰ ਵੜ੍ਹਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਅੰਦਰ ਨਹੀਂ ਜਾਣ ਦਿੱਤਾ। ਇਸ ਤੋਂ ਬਾਅਦ ਲੋਕਾਂ ਤੇ ਪੁਲੀਸ ਮੁਲਾਜ਼ਮਾਂ ਵਿਚਾਲੇ ਧੱਕਾਮੁੱਕੀ ਵੀ ਹੋਈ। ਗੁੱਸੇ ਵਿੱਚ ਆਏ ਲੋਕਾਂ ਨੇ ਪੱਥਰ ਵੀ ਮਾਰੇ। ਇਸ ਤੋਂ ਬਾਅਦ ਪੁਲੀਸ ਨੇ ਲੋਕਾਂ ਨੂੰ ਮੌਕੇ ਤੋਂ ਭਜਾਇਆ। ਮ੍ਰਿਤਕ ਲੜਕੀ ਦੀ ਪਛਾਣ ਕਾਜਲ ਵਜੋਂ ਹੋਈ ਹੈ ਜੋ ਕਰੀਬ 15-16 ਸਾਲ ਦੀ ਹੈ। ਲਾਸ਼ ਪੋਸਟਮਾਰਟਮ ਕਰਵਾਉਣ ਲਈ ਪੁਲੀਸ ਨੇ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕਾਜਲ ਦੇ ਪਿਤਾ ਰਿਕਸ਼ਾ ਚਲਾਉਂਦਾ ਹੈ ਤੇ ਕਾਜਲ ਉਪਕਾਰ ਨਗਰ ਇੱਕ ਘਰ ਵਿੱਚ ਕੰਮ ਕਰਦੀ ਹੈ। ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕਾਜਲ ਕੰਮ ’ਤੇ ਜਾਣ ਲਈ ਆਪਣੇ ਘਰੋਂ ਗਈ ਸੀ। ਸ਼ਾਮ ਨੂੰ ਪਰਿਵਾਰ ਵਾਲਿਆਂ ਨੇ ਫੋਨ ਕਰਕੇ ਦੱਸਿਆ ਗਿਆ ਕਿ ਕਾਜਲ ਨੇ ਖੁਦਕੁਸ਼ੀ ਕਰ ਲਈ। ਹੈ। ਇਸ ਦੀ ਸੂਚਨਾ ਮਿਲਦੇ ਹੀ ਉਸ ਦੇ ਪਰਿਵਾਰ ਵਾਲੇ ਮੌਕੇ ’ਤੇ ਪੁੱਜ ਗਏ। ਜਦੋਂ ਉਹ ਅੰਦਰ ਗਏ ਤਾਂ ਕਾਜਲ ਦੀ ਲਾਸ਼ ਲਟਕ ਰਹੀ ਸੀ। ਲੋਕਾਂ ਨੇ ਕਿਹਾ ਕਿ ਜਿਸ ਹਿਸਾਬ ਨਾਲ ਲਾਸ਼ ਲਟਕੀ ਹੋਈ ਸੀ, ਉਸ ਨੂੰ ਦੇਖ ਕੇ ਲਗਦਾ ਹੈ ਕਿ ਲੜਕੀ ਦਾ ਕਤਲ ਕੀਤਾ ਗਿਆ ਹੈ। ਪਰਿਵਾਰ ਵਾਲਿਆਂ ਨੇ ਇਹ ਵੀ ਦੋਸ਼ ਲਗਾਏ ਕਿ ਲੜਕੀ ਨਾਲ ਜਬਰ ਜਨਾਹ ਵੀ ਕੀਤਾ ਗਿਆ ਹੈ। ਇਨ੍ਹਾਂ ਦੋਸ਼ਾਂ ਕਰਕੇ ਪਰਿਵਾਰ ਵਾਲਿਆਂ ਨੇ ਮੌਕੇ ’ਤੇ ਕਾਫ਼ੀ ਹੰਗਾਮਾ ਕੀਤਾ। ਲੜਕੀ ਦੇ ਰਿਸ਼ਤੇਦਾਰਾਂ ਨੇ ਜ਼ਬਰਦਸਤੀ ਘਰ ਦੇ ਅੰਦਰ ਵੜਨ ਦੀ ਬਥੇਰੀ ਕੋਸ਼ਿਸ਼ ਕੀਤੀ। ਇਸ ਕਰਕੇ ਮੌਕੇ ’ਤੇ ਮਾਹੌਲ ਵਿਗੜ ਗਿਆ। ਲੋਕਾਂ ਨੇ ਘਰ ’ਤੇ ਪਥਰਾਅ ਵੀ ਕੀਤਾ। ਫਿਲਹਾਲ ਪੁਲੀਸ ਨੇ ਲੋਕਾਂ ਨੂੰ ਮੌਕੇ ਤੋਂ ਭਜਾ ਕੇ ਮਾਮਲਾ ਸ਼ਾਂਤ ਕਰਵਾਇਆ।
ਉਧਰ, ਪੁਲੀਸ ਅਧਿਕਾਰੀ ਏਸੀਪੀ ਹਰੀਸ਼ਨ ਨੇ ਦੱਸਿਆ ਕਿ ਮੌਕੇ ’ਤੇ ਮੁੱਢਲੀ ਤਫ਼ਤੀਸ਼ ਦੌਰਾਨ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ। ਇਸ ਦਾ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਦੀ ਰਿਪੋਰਟ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਏਗੀ।