ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 14 ਸਤੰਬਰ
ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਦੀ ਸ਼ਿਕਾਇਤ ’ਤੇ ਪੁਰਾਣੀ ਦਾਣਾ ਮੰਡੀ ਕੋਲ ਕੀੜੇਮਾਰ ਦਵਾਈਆਂ ਦੀ ਨਾਮੀ ਫਰਮ ‘ਯੂਨਾਈਟਿਡ ਪੈਸਟੀਸਾਈਡ’ ’ਤੇ ਖੇਤੀਬਾੜੀ ਵਿਭਾਗ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਅਚਨਚੇਤ ਛਾਪਾ ਮਾਰਿਆ ਗਿਆ। ਖੇਤੀਬਾੜੀ ਅਫਸਰ ਡਾ. ਗੁਰਦੀਪ ਸਿੰਘ ਅਤੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਬੈਨੀਪਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਰਾਤ ਨੂੰ 8 ਵਜੇ ਤੱਕ ਕਾਰਵਾਈ ਜਾਰੀ ਰਹਿਣ ਅਤੇ ਭਾਰੀ ਮਾਤਰਾ ’ਚ ਸਮਾਂ ਲੰਘੀਆਂ ਦਵਾਈਆਂ ਮਿਲਣ ਬਾਰੇ ਦੱਸਿਆ। ਕਿਸਾਨਾਂ ਨਾਲ ਧੋਖਾ ਕਰਨ ਵਾਲੀ ਇਸ ਫਰਮ ਤੋਂ ਵੱਡੀ ਮਾਤਰਾ ’ਚ ਸਮਾਂ ਵਿਹਾਅ ਚੁੱਕੀਆਂ ਦਵਾਈਆਂ ਉਪਰ ਸਮਾਂ-ਸੀਮਾ ਵਧਾ ਕੇ ਲਗਾਉਣ ਵਾਲੇ ਸਟਿੱਕਰ ਵੀ ਮਿਲੇ ਹਨ। ਬੀਤੀ ਰਾਤ ਤੋਂ ਹੀ ਪੱਤਰਕਾਰਾਂ ਦੇ ਸੰਪਰਕ ’ਚ ਰਹੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਨੇ ਕੇਸ ਦਰਜ ਹੋਣ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦੇਣ ਦੀ ਪੁਸ਼ਟੀ ਕੀਤੀ ਹੈ। ਕਿਸਾਨ ਗੁਰਪ੍ਰੀਤ ਸਿੰਘ, ਕੁੰਢਾ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਮੁੱਚੇ ਇਲਾਕੇ ਅਤੇ ਜ਼ਿਲ੍ਹੇ ਭਰ ’ਚ ਦਵਾਈਆਂ ਵਾਲੀਆਂ ਦੁਕਾਨਾਂ ਦੀ ਇਮਾਨਦਾਰੀ ਨਾਲ ਅਚਨਚੇਤੀ ਜਾਂਚ ਕੀਤੀ ਜਾਵੇ ਤਾਂ ਬਹੁਤ ਕੁੱਝ ਸਾਹਮਣੇ ਆ ਸਕਦਾ ਹੈ। ਡਾ. ਨਰਿੰਦਰ ਸਿੰਘ ਬੈਨੀਪਾਲ ਅਤੇ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।