ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਅਗਸਤ
ਪਤਨੀ ਦੇ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੂੰ ਲੈ ਕੇ ਇੱਕ ਵਿਅਕਤੀ ਨੇ ਆਪਣੇ ਹੀ ਭਾਣਜੇ ਦਾ ਕਤਲ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੇ ਕਤਲ ਤੋਂ ਬਾਅਦ ਸਾਰੀ ਰਾਤ ਲਾਸ਼ ਨੂੰ ਉੱਥੇ ਹੀ ਰਹਿਣ ਦਿੱਤਾ ਤੇ ਖੁਦ ਆਪਣੇ ਘਰ ਸੌ ਗਿਆ। ਉਸ ਤੋਂ ਬਾਅਦ ਅਗਲੇ ਦਿਨ ਕੁਦਰਤੀ ਮੌਤ ਦੀ ਕਹਾਣੀ ਬਣਾ ਦਿੱਤੀ ਸੀ, ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਟਿੱਬਾ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਸਾਰੀ ਸੱਚਾਈ ਸਾਹਮਣੇ ਲੈ ਆਉਂਦੀ। ਪੁਲੀਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਸਵੱਪਨ ਸ਼ਾਹ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲੀਸ ਨੇ ਸਵੱਪਨ ਦੇ ਕਤਲ ਦੇ ਮਾਮਲੇ ’ਚ ਉਸਦੇ ਮਾਮਾ ਜਗੀਰਪੁਰ ਰੋਡ ਦੀ ਰਾਜ ਇਨਕਲੇਵ ਵਾਸੀ ਸਰਵਨ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।