ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਕਤੂਬਰ
ਰਾਹਗੀਰਾਂ ਤੋਂ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਥਾਣਾ ਕੋਤਵਾਲੀ ਦੀ ਪੁਲੀਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਗੁਰਵਿੰਦਰ ਸਿੰਘ ਤੇ ਜਸਵੰਤ ਸਿੰਘ ਉਰਫ਼ ਜੱਸਾ ਵਜੋਂ ਮੁਲਜ਼ਮਾਂ ਦੀ ਪਛਾਣ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਜੁਆਇੰਟ ਪੁਲੀਸ ਕਮਿਸ਼ਨਰ ਹੈੱਡਕੁਆਰਟਰ ਜੇ ਐਲਨਚੇਜੀਅਨ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਚੋਰੀ ਦੀ ਕਾਰ ਦੇ ਨਾਲ ਇੱਕ ਰਿਵਾਲਵਰ, 12 ਬੋਰ ਦੀ ਬੰਦੂਕ, ਚਾਰ ਮੋਟਰਸਾਈਕਲ, ਲੈਪਟੌਪ, ਮੋਬਾਈਲ ਟੈਬਲੇਟ, ਐਲਈਡੀ, ਮੋਬਾਈਲ ਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਮੁਲਜ਼ਮ ਹੈਬੋਵਾਲ ਇਲਾਕੇ ’ਚ ਜ਼ਿਆਦਾਤਰ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲੀਸ ਅਨੁਸਾਰ ਮੁਲਜ਼ਮ ਨਸ਼ਾ ਕਰਨ ਦਾ ਆਦੀ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਕੇ ਉਨ੍ਹਾਂ ਦੇ ਸਾਥੀ ਪਰਮਜੀਤ ਸਿੰਘ ਗਰੋਵਰ ਉਰਫ਼ ਪੰਮਾ, ਜਸਮੀਤ ਸਿੰਘ ਉਰਫ਼ ਸ਼ੈਰੀ ਤੇ ਵਿੱਕੀ, ਜੋ ਜੇਲ੍ਹ ’ਚ ਹਨ, ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ।