ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਅਕਤੂਬਰ
ਜੇਲ੍ਹ ਵਿੱਚ ਬੰਦ ਮੁਲਾਜ਼ਮਾਂ ਤੱਕ ਹੈਰੋਇਨ ਸਪਲਾਈ ਕਰਨ ਵਾਲੇ 2 ਮੁਲਜ਼ਮਾਂ ਨੂੰ ਐੱਸਟੀਐੱਫ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਟੀਮ ਨੇ ਮੁਲਜ਼ਮਾਂ ਨੂੰ ਗਿੱਲ ਰੋਡ ਬਿਜਲੀ ਘਰ ਕੋਲ ਲਾਏ ਨਾਕੇ ਦੌਰਾਨ ਕਾਬੂ ਕੀਤਾ ਹੈ।
ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਸਲੇਮ ਟਾਬਰੀ ਦੇ ਮੁਹੱਲਾ ਅਸ਼ੋਕ ਨਗਰ ਵਾਸੀ ਪਰਮਿੰਦਰ ਸਿੰਘ ਗੱਗੂ ਅਤੇ ਮੁਹੱਲਾ ਨਿਊ ਜਨਤਾ ਨਗਰ ਵਾਸੀ ਹਰਜਿੰਦਰ ਸਿੰਘ ਉਰਫ਼ ਗੋਲਡੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਜੇਲ੍ਹ ’ਚ ਬੈਠੇ ਇਨ੍ਹਾਂ ਦੇ ਆਕਾਕ ਮੋਗਾ ਦੇ ਪਿੰਡ ਸਲੀਨਾ ਸਥਿਤ ਰਣਜੀਤ ਸਿੰਘ ਉਰਫ਼ ਕਾਲੀ ਨੂੰ ਵੀ ਨਾਜ਼ਮਦ ਕਰ ਲਿਆ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਮਗਰੋਂ ਦੋ ਰੋਜ਼ਾ ਰਿਮਾਂਡ ’ਤੇ ਲੈ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਐਸਟੀਐਫ਼ ਦੀ ਟੀਮ ਮੁਲਜ਼ਮ ਕਾਲੀ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਐਸਟੀਐਫ਼ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੇ ਇਲਾਕੇ ’ਚ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਹੈਰੋਇਨ ਤਸਕਰੀ ਦਾ ਧੰਦਾ ਕਰਦੇ ਹਨ। ਮੁਲਜ਼ਮ ਗੱਗੂ ਜੇਲ੍ਹ ’ਚ ਬੰਦ ਮੁਲਜ਼ਮ ਕਾਲੀ ਦੇ ਰਾਹੀਂ ਹੀ ਗੋਲਡੀ ਦੇ ਸੰਪਰਕ ’ਚ ਆਇਆ ਸੀ ਤੇ ਦੋਵੇਂ ਮਿਲ ਕੇ ਹੈਰੋਇਨ ਤਸਕਰੀ ਕਰਦੇ ਸਨ। ਪੁਲੀਸ ਨੇ ਮੁਲਜ਼ਮਾਂ ਨੂੰ ਗਿੱਲ ਰੋਡ ਤੋਂ ਕਾਬੂ ਕੀਤਾ ਹੈ। ਪੁਲੀਸ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ ਜੱਗੂ ’ਤੇ ਕਤਲ ਦਾ ਕੇਸ ਦਰਜ ਹੈ ਤੇ ਉਹ ਜ਼ਮਾਨਤ ’ਤੇ ਜੇਲ੍ਹ ਵਿੱਚੋਂ ਬਾਹਰ ਆਇਆ ਹੈ। ਜੇਲ੍ਹ ’ਚ ਹੀ ਉਸ ਦੀ ਕਾਲੀ ਨਾਲ ਮੁਲਾਕਾਤ ਹੋਈ ਸੀ। ਕਾਲੀ ਨਾਲ ਉਹ ਲਗਾਤਾਰ ਸੰਪਰਕ ’ਚ ਸੀ ਤੇ ਕਾਲੀ ਦੇ ਕਹਿਣ ’ਤੇ ਹੀ ਉਸ ਨੇ ਕੋਈ ਕੰਮ ਧੰਦਾ ਨਾ ਹੋਣ ਕਾਰਨ ਹੈਰੋਇਨ ਤਸਕਰੀ ਸ਼ੁਰੂ ਕੀਤੀ ਸੀ। ਕਾਲੀ ਹੀ ਉਸ ਨੂੰ ਜੇਲ੍ਹ ’ਚੋਂ ਦੱਸਦਾ ਸੀ ਕਿ ਕਿੱਥੋਂ ਹੈਰੋਇਨ ਲਿਆ ਕੇ ਅੱਗੇ ਕਿਸ ਨੂੰ ਦੇਣੀ ਹੈ ਤੇ ਕਿਵੇਂ ਅੱਗੇ ਜੇਲ੍ਹ ਤੱਕ ਪਹੁੰਚਾਉਣੀ ਹੈ। ਇਸ ਤੋਂ ਇਲਾਵਾ ਮੁਲਜ਼ਮ ਗੋਲਡੀ ਨੂੰ ਵੀ ਕਾਲੀ ਨੇ ਹੀ ਮਿਲਵਾਇਆ ਸੀ। ਕਾਲੀ ਤੱਕ ਜਦੋਂ ਹੈਰੋਇਨ ਪੁੱਜਦੀ ਸੀ ਤਾਂ ਉਹ ਅੱਗੋਂ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਸਪਲਾਈ ਕਰਦਾ ਸੀ।
ਕੇਂਦਰੀ ਜੇਲ੍ਹ ਵਿੱਚੋਂ ਛੇ ਮੋਬਾਈਲ ਬਰਾਮਦ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਜੇਲ੍ਹ ਵਿੱਚੋਂ 6 ਮੋਬਾਈਲ ਫੋਨ ਅਤੇ ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਚੈਕਿੰਗ ਦੌਰਾਨ ਬੈਰਕ ਨੰਬਰ 1 ਅਤੇ ਬੈਰਕ ਨੰਬਰ 4 ਦੇ ਬਾਥਰੂਮਾਂ ਵਿੱਚੋਂ 2 ਕੀਪੈਡ ਮੋਬਾਈਲ ਫੋਨ ਮਾਰਕਾ ਸੈਮਸੰਗ, 3 ਮੋਬਾਈਲ ਫੋਨ ਅਤੇ 54 ਪੁੜੀਆਂ ਜਰਦਾ ਮਾਰਕਾ ਪੰਛੀ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਈਆਂ ਹਨ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਕਸ਼ਮੀਰ ਲਾਲ ਨੇ ਦੱਸਿਆ ਕਿ ਜੇਲ੍ਹ ਅੰਦਰ ਚੈਕਿੰਗ ਦੌਰਾਨ ਦਲਜੀਤ ਸਿੰਘ ਕੈਦੀ ਅਤੇ ਅਮਨਿੰਦਰ ਸਿੰਘ ਉਰਫ਼ ਪ੍ਰਿੰਸ ਹਵਾਲਾਤੀ ਕੇਂਦਰੀ ਜੇਲ੍ਹ ਤੋਂ ਇੱਕ-ਇੱਕ ਮੋਬਾਈਲ ਫੋਨ ਮਾਰਕਾ ਸੇੈਮਸੰਗ ਸਮੇਤ ਬੈਟਰੀ ਤੇ ਸਿਮ ਅਤੇ ਇੱਕ ਪੈਕੇਟ ਜਰਦਾ ਮਾਰਕਾ ਪੰਛੀ ਬਰਾਮਦ ਹੋਇਆ ਹੈ। ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਵੱਲੋਂ ਜੇਲ੍ਹ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਭੁੱਕੀ ਚੂਰਾ ਪੋਸਤ ਸਣੇ ਕਾਬੂ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡੇਹਲੋਂ ਦੀ ਪੁਲੀਸ ਨੇ ਭੁੱਕੀ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੇ ਸ਼ੱਕ ਦੇ ਆਧਾਰ ’ਤੇ ਡੇਹਲੋਂ ਬਾਈਪਾਸ ਸਾਹਨੇਵਾਲ ਰੋਡ ਨੇੜੇ ਸੁਖਦਰਸ਼ਨ ਸਿੰਘ ਉਰਫ਼ ਸੋਨੀ ਵਾਸੀ ਪਿੰਡ ਹਰਨਾਮਪੁਰਾ ਦੀ ਤਲਾਸ਼ੀ ਲਈ ਤਾਂ ਉਸ ਵੱਲੋਂ ਚੁੱਕੇ ਝੋਲੇ ਵਿੱਚੋਂ 10 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਪੁਲੀਸ ਮੁਲਜ਼ਮ ਤੋਂ ਪੁੱਛ ਪੜਤਾਲ ਕਰ ਰਹੀ ਹੈ।