ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਅਗਸਤ
ਇੱਥੇ ਦੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਏਸੀਪੀ (ਜਾਂਚ) ਗੁਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਪਰਾਧਾ ਸ਼ਾਖਾ ਦੇ ਇੰਸਪੈਕਟਰ ਬੇਅੰਤ ਜੁਨੇਜਾ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਜਨਤਾ ਨਗਰ ਵਿੱਚ ਕਾਰਵਾਈ ਕਰਦਿਆਂ ਜਨਤਾ ਨਗਰ ਵਾਸੀਆਂ ਇੰਦਰਜੀਤ ਸਿੰਘ ਉਰਫ਼ ਸੋਨੂੰ ਅਤੇ ਰਾਜੇਸ਼ ਕੁਮਾਰ ਉਰਫ਼ ਭੋਲੂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 408 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਜਦੋਂ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਤਾਂ ਪਤਾ ਲੱਗਾ ਕਿ ਅਮਰ ਥਰੈਸ਼ਰ ਵਾਲੀ ਗਲੀ ਵਿੱਚ ਇੰਦਰਜੀਤ ਸਿੰਘ ਅਤੇ ਰਾਜੇਸ਼ ਕੁਮਾਰ ਨੇ ਕਿਰਾਏ ਦਾ ਕਮਰਾ ਲੈ ਕੇ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਰੱਖੀ ਹੋਈ ਹੈ ਜੋ ਉਹ ਲੋਕਾਂ ਨੂੰ ਵੇਚਦੇ ਹਨ। ਪੁਲੀਸ ਨੇ ਤੁਰੰਤ ਛਾਪਾ ਮਾਰ ਕੇ ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 360 ਬੋਤਲਾਂ ਟ੍ਰਿਪਲ ਵਨ ਏਸੀਈ ਅਤੇ 48 ਬੋਤਲਾਂ ਟ੍ਰਿਪਲ ਨਾਈਨ ਵ੍ਹਿਸਕੀ ਦੀਆਂ ਬਰਾਮਦ ਕੀਤੀਆਂ। ਪੁਲੀਸ ਨੂੰ ਇਕ ਐਕਟਿਵਾ ਸਕੂਟਰ ਵੀ ਮਿਲਿਆ ਹੈ ਜਿਸ ’ਤੇ ਉਹ ਲੋਕਾਂ ਨੂੰ ਸ਼ਰਾਬ ਸਪਲਾਈ ਕਰਦੇ ਸਨ। ਪੁਲੀਸ ਵੱਲੋਂ ਥਾਣਾ ਡਿਵੀਜ਼ਨ ਨੰਬਰ-6 ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਕੋਲੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ। ਦੋਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਕੇਸ ਦਰਜ ਹਨ।