ਸੰਤੋਖ ਗਿੱਲ
ਗੁਰੂਸਰ ਸੁਧਾਰ, 10 ਦਸੰਬਰ
ਵਿਵਾਦਿਤ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਹੋਰ ਮੰਗਾਂ ਲਈ ਇਕ ਸਾਲ ਤੋਂ ਵੀ ਜ਼ਿਆਦਾ ਸਮਾਂ ਜਾਰੀ ਰਹੇ ਕਿਸਾਨ ਮੋਰਚੇ ਦੀ ਸ਼ਾਨਦਾਰ ਜਿੱਤ ਉੱਪਰ ਖ਼ੁਸ਼ੀਆਂ ਮਨਾਉਣ ਤੋਂ ਪਹਿਲਾਂ ਕਿਸਾਨ ਮੋਰਚੇ ਦੀ ਹਮਾਇਤ ਲਈ ਔਰਤਾਂ ਦੀ ਜਥੇਬੰਦੀ ਨਾਰੀ ਸ਼ਕਤੀ ਵੱਲੋਂ ਪਿੰਡ ਸੁਧਾਰ ਦੀ ਸੱਥ ਵਿੱਚ ਰਾਤ ਸਮੇਂ ਮੋਮਬਤੀਆਂ ਬਾਲ ਕੇ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੋਰਚੇ ਦੌਰਾਨ ਰਾਹਗੀਰਾਂ ਸਮੇਤ ਦੁਕਾਨਦਾਰਾਂ, ਟਰਾਂਸਪੋਰਟਰਾਂ ਅਤੇ ਹੋਰ ਲੋਕਾਂ ਨੂੰ ਜਿਹੜੀਆਂ ਤਕਲੀਫ਼ਾਂ ਝੱਲਣੀਆਂ ਪਈਆਂ ਉਨ੍ਹਾਂ ਸਭਨਾਂ ਤੋਂ ਖਿਮਾ ਜਾਚਨਾ ਵੀ ਕੀਤੀ ਗਈ। ਨਾਰੀ ਸ਼ਕਤੀ ਮੋਰਚੇ ਦੀ ਕਨਵੀਨਰ ਜਰਨੈਲ ਗਿੱਲ, ਇੰਦਰਜੀਤ ਕੌਰ ਗਿੱਲ, ਮਹਿੰਦਰ ਕੌਰ ਗਿੱਲ, ਹਰਜਿੰਦਰ ਕੌਰ ਗਿੱਲ, ਸੁਖਵਿੰਦਰ ਕੌਰ ਗਿੱਲ ਨੇ ਕਿਹਾ ਕਿ ਮੋਰਚੇ ਦੀ ਜਿੱਤ ਬਹੁਤ ਵੱਡੀ ਹੈ, ਪਰ ਇਸ ਪ੍ਰਾਪਤੀ ਲਈ ਮੁੱਲ ਵੀ ਬਹੁਤ ਵੱਡਾ ਉਤਾਰਨਾ ਪਿਆ ਹੈ, 700 ਦੇ ਕਰੀਬ ਕਿਸਾਨਾਂ-ਮਜ਼ਦੂਰਾਂ ਨੇ ਆਪਣੀ ਜਾਨ ਵਾਰ ਕੇ ਮੋਰਚੇ ਦੀ ਜਿੱਤ ਪੱਕੀ ਕੀਤੀ ਹੈ। ਪਿੰਡ ਸੁਧਾਰ ਤੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਇਕ ਹੋਰ ਜਥਾ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਨੂੰ ਰਵਾਨਾ ਕੀਤਾ, ਜਿਹੜਾ ਸਿੰਘੂ ਬਾਰਡਰ ਉੱਪਰ ਪਏ ਆਪਣੇ ਸਾਜੋ-ਸਾਮਾਨ ਨੂੰ ਸਮੇਟ ਕੇ ਕੱਲ੍ਹ ਨੂੰ ਫ਼ਤਹਿ ਮਾਰਚ ਦੇ ਹਿੱਸੇ ਵਜੋਂ ਵਾਪਸੀ ਕਰੇਗਾ।
ਖੁਸ਼ਕ ਬੰਦਰਗਾਹ ਤੋਂ ਸ਼ੰਭੂ ਬਾਰਡਰ ਲਈ ਕੂਚ ਕਰਨ ਦਾ ਸੱਦਾ
ਗੁਰੂਸਰ ਸੁਧਾਰ: ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਪੱਕੇ ਮੋਰਚੇ ਉੱਪਰ ਡਟੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨੀ ਅੰਦੋਲਨ ਜਿੱਤ ਕੇ ਮੁੜ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਕਾਫ਼ਲੇ ਦਾ ਸ਼ੰਭੂ ਬਾਰਡਰ ਉੱਪਰ ਸਵਾਗਤ ਕਰਨ ਲਈ ਕੂਚ ਸੱਦਾ ਦਿੱਤਾ। ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਤੋਂ ਆਗੂਆਂ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਕਿਰਤੀ ਕਿਸਾਨ ਸ਼ਾਮਲ ਹੋਣ ਲਈ ਰਵਾਨਾ ਹੋਣਗੇ।