ਪੱਤਰ ਪ੍ਰੇਰਕ
ਜਗਰਾਉਂ, 12 ਦਸੰਬਰ
1971 ਜੰਗ ਦੌਰਾਨ ਹੁਸੈਨੀਵਾਲਾ ਸੈਕਟਰ ਦੇ ਸ਼ਹੀਦ ਨਾਇਕ ਸੂਬੇਦਾਰ ਕਰਨੈਲ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਉਨ੍ਹਾਂ ਦੇ ਜੱਦੀ ਪਿੰਡ ਮੱਲ੍ਹਾ (ਰਸੂਲਪੁਰ) ’ਚ ਨਗਰ ਦੇ ਸਾਬਕਾ ਫੌਜੀਆਂ, ਗਰਾਮ ਪੰਚਾਇਤ, ਪਰਵਾਸੀ ਵੀਰਾਂ, ਪਿੰਡ ਵਾਸੀਆਂ ਨੇ ਸਾਂਝੇ ਤੌਰ ’ਤੇ ਸਮਾਗਮ ਕਰਵਾਇਆ। ਪਿੰਡ ਦੇ ਸਰਕਾਰੀ ਹਾਈ ਸਕੂਲ (ਲੜਕੇ) ਮੱਲ੍ਹਾ ’ਚ ਰੱਖੇ ਸਮਾਗਮ ਦੀ ਸੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਸਮਾਗਮ ਦੌਰਾਨ ਦਿੱਲੀ ਮੋਰਚੇ ’ਚ ਡਟੇ ਕਿਸਾਨ, ਮਜ਼ਦੂਰਾਂ ਦੀ ਚੜ੍ਹਦੀਕਲਾ ਅਤੇ ਜਿੱਤ ਲਈ ਅਰਦਾਸ ਕੀਤੀ। ਸ਼ਹੀਦ ਨਾਇਕ ਸੂਬੇਦਾਰ ਕਰਨੈਲ ਸਿੰਘ ਦੇ ਬੁੱਤ ਉੱਪਰ ਪਿੰਡ ਮੱਲਾ ਪੁੱਜੀ ਸ਼ਹੀਦ ਦੀ ਯੂਨਿਟ ਦੇ ਫੌਜੀ ਜਵਾਨਾਂ ਦੀ ਟੁੱਕੜੀ ਅਤੇ ਸਾਬਕਾ ਫੌਜੀਆਂ ਵੱਲੋ ਫੁੱਲਮਾਲਾਵਾਂ ਭੇਟ ਕਰ ਕੇ ਸਲਾਮੀ ਦਿੱਤੀ ਗਈ। ਸਮਾਗਮ ’ਚ ਬ੍ਰਿਗੇਡੀਅਰ ਅਜਮੇਰ ਸਿੰਘ ਧਾਲੀਵਾਲ, ਚੇਅਰਮੈਨ ਦੇਵੀ ਦਿਆਲ ਸ਼ਰਮਾ, ਜੋਧ ਸਿੰਘ ਕਾਉਕੇ ਕਲਾਂ, ਜਗਜੀਤ ਸਿੰਘ ਅੱਚਰਵਾਲ, ਗੁਰਮੇਲ ਸਿੰਘ, ਸਰਪੰਚ ਹਰਬੰਸ ਸਿੰਘ ਢਿੱਲੋਂ, ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਸੂਬੇਦਾਰ ਗੁਰਮੇਲ ਸਿੰਘ, ਸੂਬੇਦਾਰ ਅਨੋਖ ਸਿੰਘ, ਬੀਬੀ ਸੁਰਜੀਤ ਕੌਰ ਸਿੱਧੂ, ਰਾਜਿੰਦਰ ਸਿੰਘ, ਸੂਬੇਦਾਰ ਮੇਜਰ ਸੱਤਪਾਲ ਕੌਸ਼ਲ, ਯੂਥ ਆਗੂ ਰਾਮ ਸਿੰਘ ਸਰਾਂ, ਸੂਬੇਦਾਰ ਜਸਵੰਤ ਸਿੰਘ, ਏਐੱਸਆਈ ਕਰਮਜੀਤ ਸਿੰਘ, ਕਮਲਜੀਤ ਸਿੰਘ ਜੀਓਜੀ ਆਦਿ ਨੇ ਹਾਜ਼ਰੀ ਭਰੀ।