ਰਾਮ ਗੋਪਾਲ ਰਾਏਕੋਟੀ
ਰਾਏਕੋਟ, 26 ਫਰਵਰੀ
ਬੀਤੇ ਦਿਨੀਂ ਨੇੜਲੇ ਪਿੰਡ ਜੌਹਲਾਂ ਦੇ ਕਿਸਾਨ ਸ਼ਮਸ਼ੇਰ ਸਿੰਘ (60) ਦੀ ਦਿੱਲੀ ਦੀ ਟਿਕਰੀ ਹੱਦ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਦਾ ਅੱਜ ਉਸ ਦੇ ਜੱਦੀ ਪਿੰਡ ਜੌਹਲਾਂ ਵਿੱਚ ਸਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ, ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਸਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਡਾ. ਅਮਰ ਸਿੰਘ ਵੱਲੋਂ ਸ਼ਹੀਦ ਕਿਸਾਨ ਸ਼ਮਸ਼ੇਰ ਸਿੰਘ ਦੇ ਲੜਕੇ ਗੁਰਵਿੰਦਰ ਸਿੰਘ ਨੂੰ 3 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ, ਜਿਸ ਨਾਲ ਪਰਿਵਾਰ ਨੂੰ ਦਿੱਤੀ ਜਾਣ ਵਾਲੀ 5 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਰਾਸ਼ੀ ਪੂਰੀ ਹੋ ਗਈ ਕਿਉਂਕਿ 2 ਲੱਖ ਰੁਪਏ ਦਾ ਚੈੱਕ ਸਸਕਾਰ ਮੌਕੇ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸ਼ਹੀਦ ਕਿਸਾਨ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਉਹ ਪੂਰਾ ਯਤਨ ਕਰਨਗੇ। ਡਾ. ਅਮਰ ਸਿੰਘ ਵੱਲੋਂ ਸ਼ਹੀਦ ਕਿਸਾਨ ਸ਼ਮਸ਼ੇਰ ਸਿੰਘ ਦੇ ਨਾਂ ’ਤੇ ਪਿੰਡ ਜੌਹਲਾਂ ਵਿੱਚ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮਸ਼ੇਰ ਸਿੰਘ ਵੱਲੋਂ ਕਿਸਾਨੀ ਹਿੱਤਾ ਲਈ ਦਿੱਤੀ ਕੁਰਬਾਨੀ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਬੀਕੇਯੂ (ਏਕਤਾ) ਡਕੌਂਦਾ ਬਲਾਕ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਇਸ ਤੋਂ ਇਲਾਵਾ ਕਾਮਿਲ ਬੋਪਾਰਾਏ, ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ, ਸਰਬਜੀਤ ਸਿੰਘ ਗਿੱਲ ਵੱਲੋਂ ਵੀ ਕਿਸਾਨ ਸ਼ਮਸ਼ੇਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।