ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਜੁਲਾਈ
ਆਦਿਵਾਸੀ ਅਤੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣੇ ਫਾਦਰ ਸਟੈਨ ਸਵਾਮੀ ਦੀ ਪਹਿਲੀ ਬਰਸੀ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ’ਤੇ ਇਨਕਲਾਬੀ-ਜਮਹੂਰੀ, ਕਿਸਾਨ-ਮਜ਼ਦੂਰ ਅਤੇ ਤਰਕਸ਼ੀਲ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਲੋਕਾਂ ਦੇ ਰੁਜ਼ਗਾਰ ਅਤੇ ਸਿੱਖਿਆ ਦਾ ਅਧਿਕਾਰ ਖਤਮ ਕਰ ਕੇ ਉਨ੍ਹਾਂ ਨੂੰ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਬਣਾਉਣਾ ਚਾਹੁੰਦੀ ਹੈ ਤਾਂ ਕਿ ਉਹ ਆਪਣੇ ਹੱਕਾਂ ਦੀ ਆਵਾਜ਼ ਉਠਾਉਣ ਯੋਗ ਹੀ ਨਾ ਰਹਿਣ। ਉਨ੍ਹਾਂ ਜੇਲ੍ਹੀਂ ਡੱਕੇ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ ਨੂੰ ਲੋਕਾਂ ਦੀ ਹੱਕੀਂ ਆਵਾਜ਼ ਚੁੱਕਣ ਲਈ ਜੇਲ੍ਹਾਂ ’ਚ ਬੰਦ ਕਰਕੇ, ਕਤਲ ਕਰਨ ਨੂੰ ਸਿਰੇ ਦਾ ਜ਼ੁਲਮ ਤੇ ਰਾਜਸੀ ਕਤਲ ਕਰਾਰ ਦਿੱਤਾ।
ਇਸ ਮੌਕੇ ਰਘਵੀਰ ਸਿੰਘ ਬੈਨੀਪਾਲ, ਹਰਜਿੰਦਰ ਸਿੰਘ ਤੇ ਕਾ. ਜਗਦੀਸ ਨੇ ਗੁਜਰਾਤ ਦੰਗਿਆਂ ਲਈ ਜ਼ਿੰਮੇਵਾਰ ਸਿਆਸਤਦਾਨਾਂ ਨੂੰ ਸਜ਼ਾਵਾਂ ਦਿਵਾਉਣ ਲਈ ਸੁਪਰੀਮ ਕੋਰਟ ਵਿੱਚ ਰਿੱਟ ਦਾਇਰ ਕਰਨ ਵਾਲੇ ਕਾਰਕੁਨਾਂ ਤੀਸਤਾ ਸੀਤਲਵਾੜ, ਆਰ ਬੀ ਸ੍ਰੀ ਕੁਮਾਰ ਅਤੇ ਮੁਹੰਮਦ ਜ਼ੁਬੈਰ ਨੂੰ ਗ੍ਰਿਫ਼ਤਾਰ ਕਰਨ ਖਿਲਾਫ਼ ਆਵਾਜ਼ ਉਠਾਉਂਦਿਆਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਸਟੇਜ ਸੰਚਾਲਨ ਜਸਵੰਤ ਜੀਰਖ ਵੱਲੋਂ ਕੀਤਾ ਗਿਆ। ਇਸ ਉਪਰੰਤ ਸਥਾਨਕ ਭਾਈ ਬਾਲਾ ਚੌਕ ਵਿੱਚ ਰੈਲੀ ਕੀਤੀ ਗਈ। ਪਲਸ ਮੰਚ ਦੇ ਆਗੂ ਕਸਤੂਰੀ ਲਾਲ ਨੇ ਬਾਬਾ ਨਜ਼ਮੀ ਦੇ ਗੀਤ ਨਾਲ ਹਾਜ਼ਰੀ ਲਵਾਈ। ਇਸ ਸਮੇਂ ਸਭਾ ਦੇ ਮੀਤ ਪ੍ਰਧਾਨ ਪ੍ਰੋ. ਏ ਕੇ ਮਲੇਰੀ, ਡਾ. ਹਰਬੰਸ ਗਰੇਵਾਲ, ਜ਼ਿਲ੍ਹਾ ਸਕੱਤਰ ਮਨਜੀਤ ਸਿੰਘ ਬੁਢੇਲ, ਵਿੱਤ ਸਕੱਤਰ ਪ੍ਰਮਜੀਤ ਸਿੰਘ, ਵਿਦਵਾਨ ਬਾਪੂ ਬਲਕੌਰ ਸਿੰਘ, ਉਜਾਗਰ ਸਿੰਘ ਬੱਦੋਵਾਲ, ਐਡਵੋਕੇਟ ਹਰਪ੍ਰੀਤ ਜੀਰਖ ਸਮੇਤ ਜਥੇਬੰਦੀਆਂ ਦੇ ਕਾਰਕਨ ਹਾਜ਼ਰ ਸਨ।