ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਜੁਲਾਈ
ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਸਥਿਤ ਚੌਕੀਮਾਨ ਟੌਲ ਪਲਾਜ਼ੇ ’ਤੇ ਕਿਸਾਨ ਧਰਨਾ ਅੱਜ 297ਵੇਂ ਦਿਨ ਵੀ ਜਾਰੀ ਰਿਹਾ। ਇਥੇ ਰੇਲਵੇ ਪਾਰਕ ’ਚ ਧਰਮ ਸਿੰਘ ਸੂਜਾਪੁਰ ਦੀ ਪ੍ਰਧਾਨਗੀ ਹੇਠ ਚੱਲੇ ਇਸ ਸਮਾਗਮ ’ਚ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਜਾਨ ਵਾਰ ਗਏ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਕਮਾਂਡਰ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਬੀਤੇ ਦਿਨੀਂ ਕਰਨਾਟਕ ਵਿਖੇ ਨਾਰਕੁੰਡਾ, ਨਵਲਕੁੰਡਾ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ 41ਵੀਂ ਬਰਸੀ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਵਿਚਾਰ ਸੁਣ ਕੇ ਵਾਪਸ ਪਰਤ ਰਹੇ ਸੜਕ ਹਾਦਸੇ ਦਾ ਸ਼ਿਕਾਰ ਹੋ ਵਿਛੋੜਾ ਦੇ ਗਏ ਦੋ ਕਿਸਾਨ ਆਗੂਆਂ ਰਮੰਨਾ ਅਤੇ ਰਾਮਾਸਵਾਮੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।
ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਚੌਕੀਮਾਨ ਟੌਲ ਪਲਾਜ਼ੇ ਤੋਂ ਕਿਸਾਨਾਂ ਤੇ ਮਜ਼ਦੂਰਾਂ ਦਾ ਜਥਾ ਜੰਤਰ ਮੰਤਰ ਵਿਖੇ ਚੱਲਦੀ ਕਿਸਾਨ ਸੰਸਦ ’ਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਧਰਨਾਕਾਰੀਆਂ ਨੇ ਨਵੀਂ ਨਵੀਂ ਮੰਤਰੀ ਬਣੀ ਭਾਜਪਾ ਆਗੂ ਮੀਨਾਕਸ਼ੀ ਲੇਖੀ ਨੂੰ ਦਿਮਾਗ ਟਿਕਾਣੇ ਰੱਖਣ ਦੀ ਸਲਾਹ ਦਿੱਤੀ, ਜੋ ਕਿਸਾਨਾਂ ਨੂੰ ‘ਮੱਵਾਲੀ’ ਦੱਸ ਰਹੀ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਮਾਸਟਰ ਆਤਮਾ ਸਿੰਘ ਬੋਪਾਰਾਏ, ਕਿਰਤੀ ਕਿਸਾਨ ਯੂਨੀਅਨ ਦੇ ਮਨੋਹਰ ਸਿੰਘ ਝੋਰੜਾਂ, ਯੂਥ ਵਿੰਗ ਦੇ ਸੂਬਾ ਆਗੂ ਬਲਕਰਨ ਸਿੰਘ ਵੈਰੋਕੇ ਆਦਿ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼, ਰੋਟੀ-ਰੋਜ਼ੀ, ਜਲ ਜੰਗਲ ਜ਼ਮੀਨ ਪਰਬਤ ਅਤੇ ਕੁਦਰਤੀ ਸੋਮਿਆਂ ਨੂੰ ਸਾਮਰਾਜੀ ਤਾਕਤਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਕਾਲੀ ਜਕੜ ’ਚੋਂ ਬਚਾਉਣ ਦਾ ਲੋਕ ਪੱਖੀ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੰਤਰੀ ਤੇ ਆਗੂਆਂ ਦੇ ਦਿਮਾਗ ਹਾਲੇ ਵੀ ਟਿਕਾਣੇ ਨਹੀਂ ਆਏ ਅਤੇ ਸੱਤਾ ਦੇ ਨਸ਼ੇ ’ਚ ਹੰਕਾਰੇ ਇਹ ਨੇਤਾ ਕਿਸਾਨਾਂ ਬਾਰੇ ਗਲਤ ਬਿਆਨੀ ਕਰਦੇ ਹਨ। ਖੇਤੀ ਮੰਤਰੀ ਵੀ ਗੱਲਬਾਤ ਲਈ ਸੱਦਾ ਪੱਤਰ ਭੇਜੇ ਬਿਨਾਂ ਕਿਸਾਨਾਂ ਨੂੰ ਹੀ ਗੱਲਬਾਤ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ। ਇਨਕਲਾਬੀ ਕੇਂਦਰ ਦੇ ਆਗੂ ਕੰਵਲਜੀਤ ਖੰਨਾ, ਕਿਸਾਨ ਆਗੂ ਕੁਲਵਿੰਦਰ ਸਿੰਘ ਢੋਲਣ ਅਤੇ ਮੁਲਾਜ਼ਮ ਆਗੂ ਹਰਭਜਨ ਸਿੰਘ ਦੌਧਰ ਅਤੇ ਜਗਦੀਸ਼ ਸਿੰਘ ਨੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ਮੱਵਾਲੀ ਕਹਿਣ ਦੇ ਬੁਖਲਾਹਟ ਭਰੇ ਬਿਆਨ ਦੀ ਨਿਖੇਧੀ ਕੀਤੀ।
ਹਿੱਸੋਵਾਲ-ਰਕਬਾ ਟੌਲ ਪਲਾਜ਼ਾ ’ਤੇ ਧਰਨਾ ਜਾਰੀ
ਗੁਰੂਸਰ ਸੁਧਾਰ (ਸੰਤੋਖ ਸਿੰਘ ਗਿੱਲ): ਲੁਧਿਆਣਾ-ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ਉੱਪਰ ਕਿਸਾਨ ਜਥੇਬੰਦੀਆਂ ਵੱਲੋਂ ਲੜੀਵਾਰ ਧਰਨਾ 293ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਧਰਨੇ ਵਿਚ ਅੱਜ ਵੀ ਕਿਸਾਨ ਬਲਾਕ ਪ੍ਰਧਾਨ ਸਰਬਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਟੌਲ ਪਲਾਜ਼ਾ ’ਤੇ ਡਟੇ ਰਹੇ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਵਿਵਾਦਿਤ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਧਰਨਾ ਜਾਰੀ ਰਹੇਗਾ। ਧਰਨਾਕਾਰੀਆਂ ਨੇ ਮੋਦੀ ਹਕੂਮਤ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦਿੱਲੀ ਸਰਹੱਦਾਂ ਉੱਪਰ ਕਿਸਾਨ ਮੋਰਚੇ ਵਿਚ ਹੋਰ ਕਿਸਾਨਾਂ ਨੂੰ ਭੇਜਣ ਬਾਰੇ ਵੀ ਰਣਨੀਤੀ ਉਲੀਕੀ ਗਈ। ਉਨ੍ਹਾਂ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਖੇਧੀ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਢੱਟ, ਹਰਮਿੰਦਰ ਸਿੰਘ ਰਕਬਾ, ਗੁਰਚਰਨ ਸਿੰਘ ਰਕਬਾ, ਬਲਵਿੰਦਰ ਸਿੰਘ ਗਿੱਲ, ਰਮਨਦੀਪ ਕੌਰ, ਦਲਜੀਤ ਕੌਰ ਪ੍ਰਧਾਨ ਰੱਤੋਵਾਲ, ਸੁਖਵਿੰਦਰ ਕੌਰ ਰੱਤੋਵਾਲ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।