ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੂਨ
ਜੂਨ 84 ਦੇ ਸ਼ਹੀਦਾਂ ਦੀ 37ਵੀਂ ਬਰਸੀ ਨੂੰ ਸਮਰਪਿਤ ਸਮਾਗਮ ਵੱਖ ਵੱਖ ਗੁਰੂਘਰਾਂ ਵਿੱਚ ਹੋਏ ਜਿਨ੍ਹਾਂ ਵਿੱਚ ਰਾਗੀ ਜੱਥਿਆਂ ਅਤੇ ਪ੍ਰਚਾਰਕਾਂ ਨੇ ਗੁਰੂ ਜੱਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਕੀਰਤਨ ਸਮਾਗਮ ਕਰਵਾਇਆ ਗਿਆ।
ਪੰਥ ਪ੍ਰਸਿੱਧ ਪ੍ਰਚਾਰਕ ਤੇ ਸੇਵਾ ਮਿਸ਼ਨ ਆਰਨੋ ਦੇ ਮੁੱਖ ਸੇਵਾਦਾਰ ਸੁੱਚਾ ਸਿੰਘ ਨੇ ਕਿਹਾ ਕਿ ਜੂਨ 84 ਨਾ ਭੁੱਲਣਯੋਗ ਘਟਨਾ ਹੈ, ਜਦੋਂ ਭਾਰਤੀ ਫੌਜ ਨੇ ਤੋਪਾਂ ਤੇ ਟੈਂਕ ਚਾੜ੍ਹ ਕੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਨੂੰ ਢਹਿਢੇਰੀ ਤੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ। ਇਸੇ ਦੌਰਾਨ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਮਹਿਲਾ ਵਿੰਗ ਪ੍ਰਧਾਨ ਗੁਰਦੀਪ ਕੌਰ ਦੀ ਅਗਵਾਈ ਚ ਦੰਗਾ ਪੀੜਤ ਪਰਿਵਾਰਾਂ ਨੇ ਅੱਜ ਘਲੂਘਾਰਾ ਦਿਹਾੜੇ ਮੌਕੇ ਦੁੱਗਰੀ ਪੁਲ ਤੇ ਕਾਂਗਰਸ ਪਾਰਟੀ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ। ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਇੱਕ ਡੂੰਘੀ ਸਾਜਿਸ਼ ਤਹਿਤ ਵੱਡੀ ਗਿਣਤੀ ਸੰਗਤ ਦੀ ਸ਼ਹਾਦਤ ਹੋਈ ਸੀ। ਇਸ ਮੌਕੇ ਰਾਣੀ ਧਾਲੀਵਾਲ ,ਦਲਜੀਤ ਸਿੰਘ ਸੋਨੀ, ਸਤਨਾਮ ਸਿੰਘ, ਇੰਦਰਪਾਲ ਸਿੰਘ, ਰਜਿੰਦਰ ਸਿੰਘ ਭਾਟੀਆ ਅਤੇ ਹਰਦੀਪ ਕੌਰ ਮੌਜੂਦ ਸਨ।