ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਮਾਰਚ
ਜੀਜੀਐਨਆਈਐਮਟੀ, ਸਿਵਲ ਲਾਈਨਜ਼ ਦੇ ਉਦਮੀ ਕਲੱਬ ਵੱਲੋਂ ਭਾਰਤ ਦੇ ਉਦਯੋਗ ਜਗਤ ਦੇ ਪਿਤਾਮਾ ਜਮਸ਼ੈਦਜੀ ਐਨ ਟਾਟਾ ਨੂੰ ਉਨ੍ਹਾਂ ਦੇ ਜਨਮ ਦੀ ਵਰ੍ਹੇਗੰਢ ’ਤੇ ਸ਼ਰਧਾਂਜਲੀ ਦੇਣ ਲਈ ‘ਸਪਰਿੰਗ ਫੈਸਟ-2022’ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਬਿਜ਼ਨਸ ਮੈਨੇਜਮੈਂਟ, ਹਾਸਪੀਟੈਲਿਟੀ, ਕੰਪਿਊਟਰ ਐਪਲੀਕੇਸ਼ਨ ਤੇ ਫੈਸ਼ਨ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਨੇ ਦੱਖਣੀ ਭਾਰਤ, ਚੀਨ, ਮਹਾਂਦੀਪ ਅਤੇ ਮੁਗਲਾਈ ਤੋਂ ਲੈ ਕਿ ਕਈ ਪਕਵਾਨਾਂ ਦੇ ਸਟਾਲ ਲਾਏ। ਫੈਸ਼ਨ ਦੇ ਵਿਦਿਆਰਥੀਆਂ ਨੇ ਫੈਸ਼ਨ ਉਪਕਰਨਾਂ, ਗਹਿਣਿਆਂ, ਨੇਲ ਆਰਟ, ਮਧੂਬਨੀ ਪੇਂਟਿੰਗਾਂ ਅਤੇ ਹੱਥਾਂ ਨਾਲ ਤਿਆਰ ਕੀਤੀਆਂ ਟੀ-ਸ਼ਰਟਾਂ ਪ੍ਰਦਰਸ਼ਿਤ ਕੀਤੀਆਂ। ਵਪਾਰ ਅਤੇ ਕੰਪਿਊਟਰ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਸਟਾਲ ਲਾਏ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਲੋਕ ਗੀਤ, ਸੋਲੋ ਡਾਂਸ, ਰੌਮਾਂਚਕ ਖੇਡਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਡਾਇਰੈਕਟਰ ਮਨਜੀਤ ਸਿੰਘ ਛਾਬੜਾ ਨੇ ਕਿਹਾ ਕਿ ਸਪਰਿੰਗ ਫੈਸਟ ਕਰਵਾਉਣ ਦਾ ਮਕਸਦ ਕਿਤਾਬਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਿੱਖਣ ਦਾ ਮੌਕਾ ਪ੍ਰਦਾਨ ਕਰਨਾ ਹੈ ਜੋ ਕਿ ਅੱਜ ਦੇ ਤਿੱਖੇ ਮੁਕਾਬਲੇ ’ਚ ਸਫ਼ਲਤਾ ਲਈ ਜ਼ਰੂਰੀ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਐੱਸਪੀ ਸਿੰਘ ਤੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਉੱਦਮੀ ਕਲੱਬ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਹੋਏ ਮੁਕਾਬਲਿਆਂ ਦੇ ਮਿਲੇ ਨਤੀਜਿਆਂ ਅਨੁਸਾਰ ਰੱਸਾ ਖਿੱਚਣ ਦਾ ਮੁਕਾਬਲਾ ਬੀਬੀਏ-6 ਦੀ ਟੀਮ ਨੇ ਜਿੱਤਿਆ ਜਦੋਂਕਿ ਦੂਜਾ ਸਥਾਨ ਬੀਕਾਮ-6 ਦੀ ਟੀਮ ਨੂੰ ਮਿਲਿਆ। ਲੋਕ ਗੀਤਾਂ ਦਾ ਮੁਕਾਬਲਾ ਬੀਬੀਏ ਚੌਥਾ ਸਾਲ ਦੇ ਪਾਰਸ ਨੇ ਜਿੱਤਿਆ ਜਦਕਿ ਬੀਬੀਏ ਦੂਜਾ ਸਾਲ ਦੇ ਸਤਨਾਮ ਨੂੰ ਦੂਜਾ ਸਥਾਨ ਮਿਲਿਆ। ਸੋਲੋ ਡਾਂਸ ਮੁਕਾਬਲਾ ਐਮਸੀਏ ਦੂਜਾ ਸਾਲ ਦੀ ਅਸ਼ੂ ਨੇ ਜਿੱਤਿਆ। ਨੇਹਾ ਕਸ਼ਯਪ ਨੇ ਦੂਜਾ ਅਤੇ ਅਭਿਜੀਤ ਸਿੰਘ ਨੂੰ ਤੀਜਾ ਸਥਾਨ ਮਿਲਿਆ।