ਪੱਤਰ ਪ੍ਰੇਰਕ
ਪਾਇਲ, 5 ਮਈ
ਪਿੰਡ ਘਣਗਸ ਵਿੱਚ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਕਥਿਤ ਰੰਜਿਸ਼ ਤਹਿਤ ਕਣਕ ਦੀ ਨਾੜ ਨੂੰ ਅੱਗ ਲਾਉਣ ਕਾਰਨ ਪੰਚਾਇਤੀ ਅਤੇ ਲੋਕਾਂ ਦੇ ਨਿੱਜੀ ਬੂਟਿਆਂ ਦਾ ਭਾਰੀ ਨੁਕਸਾਨ ਹੋ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਉਸਦੇ ਖੇਤ ਵਿੱਚ ਦਰਜਨਾਂ ਫ਼ਲਦਾਰ ਅਤੇ ਛਾਂਦਾਰ ਬੂਟੇ ਲਾਏ ਹੋਏ ਸਨ ਪਰ ਅੱਗ ਨੇ ਸਭ ਤਹਿਸ-ਨਹਿਸ ਕਰ ਦਿੱਤੇ। ਉਸ ਨੇ ਦੋਸ਼ ਲਾਇਆ ਕਿ ਨਾਲ ਲੱਗਦੇ ਖੇਤ ਦੇ ਮਾਲਕ ਵੱਲੋਂ ਰੰਜਿਸ਼ ਤਹਿਤ ਬਿਨਾਂ ਹਵਾ ਦਾ ਰੁਖ਼ ਵੇਖੇ ਨਾੜ ਅੱਗ ਲਾ ਦਿੱਤੀ ਗਈ, ਜਿਸ ਕਾਰਨ ਖੇਤ ਵਿਚਲੇ ਅਤੇ ਪੰਚਾਇਤ ਵੱਲੋਂ ਸੜਕ ਨੇੜੇ ਲਾਏ ਗਏ ਬੂਟੇ ਸੜ ਗਏ। ਉਸ ਨੇ ਦੱਸਿਆ ਕਿ ਇਸ ਬਾਰੇ ਪੁਲੀਸ ਅਤੇ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਬਾਰੇ ਸਰਪੰਚ ਸ਼ਰਨਜੀਤ ਸਿੰਘ ਪਿੰਕ ਨੇ ਕਥਿਤ ਤੌਰ ’ਤੇ ਰੰਜਿਸ਼ ਨਾਲ ਹੀ ਅੱਗ ਲਾਉਣ ਦੀ ਗੱਲ ਨੂੰ ਸਹੀ ਦੱਸਿਆ। ਗੁਰਵਿੰਦਰ ਸਿੰਘ ਨੇ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਮਹਿਕਮੇ ਤੋਂ ਮੰਗ ਕੀਤੀ ਕਿ ਅੱਗ ਲਗਾਉਣ ਵਾਲੇ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਦਰੱਖਤਾਂ ਦਾ ਮੁਆਵਜ਼ਾ ਦਿਵਾਇਆ ਜਾਵੇ।
ਦੂਜੇ ਪਾਸੇ ਜਦੋਂ ਮਨਪ੍ਰੀਤ ਸਿੰਘ ਨੂੰ ਕਣਕ ਦੇ ਨਾੜ ਨੂੰ ਅੱਗ ਲਗਾਉਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਗ ਨਹੀਂ ਲਗਾਈ ਗਈ ਅਤੇ ਨਾ ਹੀ ਉਹ ਆਪਣੇ ਘਰ ਸਨ। ਪਤਾ ਲੱਗਾ ਹੈ ਕਿ ਅੱਗ ਮੁਕੰਦਪੁਰ ਵਾਲੇ ਪਾਸਿਓਂ ਫੈਲੀ ਸੀ।