ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਸਤੰਬਰ
ਸਥਾਨਕ ਰਾਮਗੜ੍ਹੀਆ ਗਰਲਜ਼ ਕਾਲਜ ਦੇ ਪੋਸਟ ਗ੍ਰੈਜੂਏਟ ਵਿਭਾਗ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਤਿੰਨ ਸਖਸ਼ੀਅਤਾਂ ਡਾ. ਇਕਬਾਲ ਕੌਰ ਸੌਂਧ, ਡਾ. ਵਨੀਤਾ ਤੇ ਡਾ. ਬਲਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਪੰਜਾਬ ਦੇ ਵਿਕਾਸ, ਖੇਤੀਬਾੜੀ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਉਪ ਕੁਲਪਤੀ ਡਾ. ਐਸਪੀ ਸਿੰਘ ਨੇ ਸਮਾਗਮ ਦੀ ਅਤੇ ਡਾ. ਰਮੇਸ਼ ਇੰਦਰ ਕੌਰ ਬੱਲ ਅਤੇ ਰਣਜੋਧ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਯਾਮ ਸੁੰਦਰ ਦੀਪਤੀ ਅਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਹ ਪੁਰਸਕਾਰ ਸਾਲ 2014 ਵਿੱਚ ਪ੍ਰੋਃ ਨਿਰਪਜੀਤ ਕੌਰ ਗਿੱਲ ਦੀ ਯਾਦ ਵਿੱਚ ਉਨ੍ਹਾਂ ਦੇ ਪਤੀ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਪਰਿਵਾਰ ਵੱਲੋਂ ਸਥਾਪਿਤ ਕੀਤਾ ਗਿਆ ਸੀ। ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਪਰਿਵਾਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦਾ ਸ਼ੁਕਰਾਨਾ ਕੀਤਾ ਅਤੇ ਪੁਰਸਕਾਰ ਲਈ ਮੂਲ ਰਾਸ਼ੀ ਵਿੱਚ ਇੱਕ ਲੱਖ ਰੁਪਏ ਹੋਰ ਦੇਣ ਦਾ ਇਕਰਾਰ ਕੀਤਾ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਨੇ ਦੱਸਿਆ ਕਿ ਇਸ ਵਿੱਚ ਹਰ ਸਖਸ਼ੀਅਤ ਨੂੰ 21-21 ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਪ੍ਰਸੰਸਾ ਪੱਤਰ ਤੇ ਫੁਲਕਾਰੀ ਭੇਟ ਕੀਤੀ ਗਈ। ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਸਖ਼ਸ਼ੀਅਤ ਡਾ. ਇਕਬਾਲ ਕੌਰ ਸੌਂਧ ਲੋਕ ਧਾਰਾ ਮਾਹਿਰ, ਆਲੋਚਕ ਅਤੇ ਕਵਿੱਤਰੀ ਹਨ।। ਦੂਜੀ ਸਖਸ਼ੀਅਤ ਨਵੀਂ ਦਿੱਲੀ ਤੋਂ ਪ੍ਰੋ. ਡਾ. ਵਨੀਤਾ ਹਨ ਜਿਨ੍ਹਾਂ ਦੀ ਪੁਸਤਕ ਕਾਲ ਪਹਿਰ ਤੇ ਘੜੀਆਂ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ। ਡਾ. ਬਲਜੀਤ ਕੌਰ ਨੇ ਪੰਜ ਸਾਲ ਡਿਗਰੀ ਕਾਲਜ ਵਿੱਚ ਤੇ ਮਗਰੋਂ 34 ਸਾਲ ਗੁਰੂ ਨਾਨਕ ਦੇਵ ’ਵਰਸਿਟੀ ਵਿੱਚ ਪੜ੍ਹਾਇਆ ਹੈ। ਮੁੱਖ ਮਹਿਮਾਨ ਸ੍ਰੀ ਧਾਲੀਵਾਲ ਨੇ ਸਨਮਾਨਿਤ ਸਖਸ਼ੀਅਤਾਂ ਨੂੰ ਵਧਾਈ ਦਿੰਦਿਆਂ ਸਮੂਹ ਅਧਿਆਪਕਾਂ ਨੂੰ ਇਸੇ ਭਾਵਨਾ ਨਾਲ ਸਮਾਜ ਨੂੰ ਗਿਆਨ ਵੰਡਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਨੇ ਪ੍ਰੋ. ਨਿਰਪਜੀਤ ਕੌਰ (ਮਰਹੂੁਮ) ਵੱਲੋਂ ਇਸ ਸੰਸਥਾ ਨੂੰ ਕੌਮੀ ਪਛਾਣ ਦਿਵਾਉਣ ਵਿੱਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ।