ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 7 ਸਤੰਬਰ
ਥਾਣਾ ਜੋਧਾਂ ਅਧੀਨ ਸੇਮ ਨਾਲੇ ਲਾਗੇ ਤਿੰਨ ਨਕਾਬਪੋਸ਼ ਹਥਿਆਰਬੰਦ ਮੋਟਰਸਾਈਕਲ ਸਵਾਰ ਨੌਜਵਾਨ ਹਥਿਆਰ ਦਿਖਾ ਕੇ ਦਿਨ ਦਿਹਾੜੇ ਆਟੋ ਖੋਹ ਕੇ ਫ਼ਰਾਰ ਹੋ ਗਏ ਹਨ। ਪਿੰਡ ਫੁੱਲਾਂਵਾਲ ਵਾਸੀ ਜਗਦੀਸ਼ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਜੋਧਾਂ ਦੀ ਪੁਲੀਸ ਨੇ ਤਿੰਨ ਅਣਪਛਾਤੇ ਮੁਲਜ਼ਮਾਂ ਵਿਰੁੱਧ ਲੁੱਟ-ਖੋਹ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਜਾਂਚ ਅਫ਼ਸਰ ਥਾਣੇਦਾਰ ਸਿਕੰਦਰ ਸਿੰਘ ਅਨੁਸਾਰ ਮੁਲਜ਼ਮਾਂ ਦਾ ਸੁਰਾਗ ਲਾਉਣ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਾਂਚ ਅਫ਼ਸਰ ਥਾਣੇਦਾਰ ਸਿਕੰਦਰ ਸਿੰਘ ਅਨੁਸਾਰ ਫੁੱਲਾਂਵਾਲ ਵਾਸੀ ਜਗਦੀਸ਼ ਸਿੰਘ ਹਰੇ ਰੰਗ ਦੇ ਖੁੱਲ੍ਹੀ ਬਾਡੀ ਵਾਲੇ ਬਜਾਜ ਆਟੋ (ਪੀਬੀ-10 ਐੱਚਵੀ-3324) ‘ਤੇ ਸਵਾਰ ਹੋ ਕੇ ਧੂਲਕੋਟ ਤੋਂ ਸਾਮਾਨ ਲੈਣ ਵਾਸਤੇ ਰਵਾਨਾ ਹੋਇਆ ਸੀ ਤਾਂ ਦੁਪਹਿਰ ਕਰੀਬ ਸਾਢੇ ਗਿਆਰਾਂ ਵਜੇ ਜਦੋਂ ਉਹ ਜੋਧਾਂ ਮੋੜ ਤੋਂ ਅੱਗੇ ਲੰਘਿਆ ਤਾਂ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਘੇਰ ਲਿਆ। ਦੋ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ ‘ਤੇ ਆਟੋ ਖੋਹ ਲਿਆ, ਜਦੋਂ ਉਹ ਰੌਲਾ ਪਾਉਣ ਲੱਗਾ ਤਾਂ ਉਨ੍ਹਾਂ ਗਰਾਰੀ ਵਾਲੀ ਲੋਹੇ ਦੀ ਪਾਈਪ ਗਲ਼ ਉੱਪਰ ਰੱਖ ਕੇ ਮੂੰਹ ਬੰਦ ਕਰਵਾ ਦਿੱਤਾ। ਮੋਟਰਸਾਈਕਲ ਦੀਆਂ ਦੋਵੇਂ ਨੰਬਰ ਪਲੇਟਾਂ ਵੀ ਟੁੱਟੀਆਂ ਹੋਣ ਕਾਰਨ ਉਹ ਲੁਟੇਰਿਆਂ ਨੂੰ ਪਛਾਣ ਨਹੀਂ ਸਕਿਆ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।