ਗਗਨਦੀਪ ਅਰੋੜਾ
ਲੁਧਿਆਣਾ, 5 ਅਕਤੂਬਰ
ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨਾਜਾਇਜ਼ ਹਥਿਆਰ ਲਿਆ ਕੇ ਸਨਅਤੀ ਸ਼ਹਿਰ ਤੇ ਨੇੜਲੇ ਇਲਾਕਿਆਂ ’ਚ ਸਪਲਾਈ ਕਰਨ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਨੂੰ ਸੀਆਈਏ- 1 ਦੀ ਪੁਲੀਸ ਨੇ ਕਾਬੂ ਕੀਤਾ ਹੈ। ਮੁਲਜ਼ਮ ਸੋਸ਼ਲ ਮੀਡੀਆ ਫੇਸਬੁੱਕ ਰਾਹੀਂ ਹਥਿਆਰ ਵੇਚਦੇ ਸਨ। ਪੁਲੀਸ ਨੇ ਮੁਲਜ਼ਮਾਂ ਨੂੰ ਬੱਸ ਅੱਡੇ ਕੋਲੋਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 32 ਬੋਰ ਦੀਆਂ 2 ਪਿਸਤੌਲਾਂ, ਚਾਰ ਕਾਰਤੂਸ, 2 ਮੈਗਜ਼ੀਨ ਤੇ ਤਿੰਨ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਬਰਾਮਦ ਹੋਏ ਹਨ। ਪੁਲੀਸ ਨੇ ਇਸ ਮਾਮਲੇ ’ਚ ਜਲੰਧਰ ਦੇ ਪਿੰਡ ਲਾਲੀਆਂ ਵਾਸੀ ਹਿੰਦਪਾਲ, ਜਲੰਧਰ ਬੜੇਵਾਲ ਵਾਸੀ ਬਲਵਿੰਦਰ ਸਿੰਘ ਤੇ ਹੈਬੋਵਾਲ ਦੀ ਚਿੱਟੀ ਕਲੋਨੀ ਵਾਸੀ ਅਰਜੁਨ ਕੁਮਾਰ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ 2 ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਡੀਸੀਪੀ ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਤਿੰਨੇ ਮੁਲਜ਼ਮ ਫੇਸਬੁੱਕ ਰਾਹੀਂ ਨਾਜਾਇਜ਼ ਹਥਿਆਰਾਂ ਦਾ ਵਪਾਰ ਕਰਦੇ ਸਨ। ਮੁਲਜ਼ਮ ਹਿੰਦਪਾਲ ਗਰੋਹ ਦਾ ਮੁਖੀ ਹੈ। ਮੁਲਜ਼ਮ ਬਲਵਿੰਦਰ ਸਿੰਘ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਸਪਲਾਈ ਕਰਦਾ ਸੀ। ਇਹ ਸਾਰੇ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਲਿਆ ਕੇ ਫੇਸਬੁੱਕ ਰਾਹੀਂ ਗਾਹਕ ਦੀ ਭਾਲ ਕਰਦੇ ਸਨ। ਫੇਸਬੁੱਕ ਖਾਤੇ ਰਾਹੀਂ ਉਹ ਫੋਟੋ ਦਿਖਾਉਂਦੇ ਸਨ ਅਤੇ ਇਸ ਰਾਹੀਂ ਹੀ ਗਾਹਕ ਤੱਕ ਪਹੁੰਚ ਕਰ ਕੇ ਸੌਦਾ ਕਰਦੇ ਸਨ। ਇੰਨਾ ਹੀ ਨਹੀਂ ਮੁਲਜ਼ਮ ਜਗ੍ਹਾ ਵੀ ਸੋਸ਼ਲ ਮੀਡੀਆ ’ਤੇ ਚੁਣਦੇ ਸਨ ਅਤੇ ਹਥਿਆਰ ਸਪਲਾਈ ਕਰਦੇ ਸਨ। ਲੁਧਿਆਣਾ ਵਿੱਚ ਕਿਸੇ ਨੇ ਹਥਿਆਰ ਮੰਗਵਾਇਆ ਸੀ ਤੇ ਮੁਲਜ਼ਮ ਬੱਸ ਅੱਡੇ ਕੋਲ ਹਥਿਆਰ ਲੈਣ ਲਈ ਆਉਣ ਵਾਲਾ ਸੀ। ਪੁਲੀਸ ਇਹ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਉਹ ਇਹ ਹਥਿਆਰ ਕਿਨ੍ਹਾਂ ਵਿਅਕਤੀਆਂ ਨੂੰ ਡਲਿਵਰੀ ਦੇਣ ਲਈ ਆਏ ਸਨ।
ਮੁਲਜ਼ਮ ਹਿੰਦਪਾਲ ’ਤੇ ਕਈ ਕੇਸ ਦਰਜ
ਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਹਿੰਦਪਾਲ ਕਾਫ਼ੀ ਪੁਰਾਣਾ ਤੇ ਚਲਾਕ ਮੁਲਜ਼ਮ ਹੈ ਜਿਸ ਖਿਲਾਫ਼ ਕਈ ਥਾਣਿਆਂ ’ਚ ਕੇਸ ਦਰਜ ਹਨ, ਜਿਨ੍ਹਾਂ ’ਚ ਕਤਲ ਸਮੇਤ ਨਸ਼ਾ ਤਸਕਰੀ ਵੀ ਸ਼ਾਮਲ ਹੈ। ਉਹ ਕਤਲ ਦੇ ਮਾਮਲੇ ’ਚ 20 ਸਾਲ ਦੀ ਸਜ਼ਾ ਕੱਟ ਚੁੱਕਿਆ ਹੈ ਅਤੇ ਹਾਈ ਕੋਰਟ ਤੋਂ ਜ਼ਮਾਨਤ ਲੈ ਕੇ ਬਾਹਰ ਆਇਆ ਹੈ। ਉਹ ਫੋਨ ਦੀ ਵਰਤੋਂ ਕਾਫ਼ੀ ਘੱਟ ਕਰਦਾ ਸੀ। ਮੁਲਜ਼ਮ ਹਿੰਦਪਾਲ ਦੀ ਮੁਲਜ਼ਮ ਅਰਜੁਨ ਨਾਲ ਜੇਲ੍ਹ ’ਚ ਮੁਲਾਕਾਤ ਹੋਈ ਸੀ। ਅਰਜੁਨ ਨੇ ਹੀ ਮੁਲਜ਼ਮ ਹਿੰਦਪਾਲ ਤੇ ਬਲਵਿੰਦਰ ਨੂੰ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਲਿੰਕ ਦੱਸੇ ਸਨ, ਜਿੱਥੋਂ ਉਹ ਹਥਿਆਰ ਖਰੀਦ ਸਕਦੇ ਸਨ। ਉਸ ਨੂੰ ਸਾਰਾ ਪਤਾ ਸੀ ਕਿ ਕਿਹੜਾ ਹਥਿਆਰ ਕਿੱਥੋਂ ਕਿੰਨੇ ਰੁਪਏ ’ਚ ਮਿਲੇਗਾ। ਹਥਿਆਰਾਂ ’ਚੋਂ ਜੋ ਮੁਨਾਫ਼ਾ ਹੁੰਦਾ ਸੀ, ਤਿੰਨੇ ਮੁਲਜ਼ਮ ਆਪਸ ’ਚ ਵੰਡ ਲੈਂਦੇ ਸਨ।
ਅਸਲੇ ਸਮੇਤ ਤਿੰਨ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਇਲਾਕੇ ਵਿੱਚ ਮੌਜੂਦ ਸੀ ਤਾਂ ਪਤਾ ਲੱਗਾ ਕਿ ਕੁਝ ਲੋਕ ਨਾਜਾਇਜ਼ ਅਸਲਾ ਵੇਚਦੇ ਹਨ। ਪੁਲੀਸ ਨੇ ਬੱਸ ਸਟੈਂਡ ’ਤੇ ਛਾਪਾ ਮਾਰ ਕੇ ਹਿੰਦਪਾਲ ਵਾਸੀ ਲੱਲੀਆਂ ਖੁਰਦ, ਬਲਵਿੰਦਰ ਸਿੰਘ ਵਾਸੀ ਬਡਾਲਾ ਅਤੇ ਅਰਜੁਨ ਕੁਮਾਰ ਵਾਸੀ ਚਿੱਟੀ ਕਲੋਨੀ ਹੈਬੋਵਾਲ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਦੋ ਦੇਸੀ ਪਿਸਤੌਲ, ਚਾਰ ਮੈਗਜ਼ੀਨ, ਚਾਰ ਰੌਂਦ ਤੇ ਤਿੰਨ ਮੋਬਾਈਲ ਬਰਾਮਦ ਹੋਏ ਹਨ। ਪੁਲੀਸ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ