ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਅਕਤੂਬਰ
ਚੋਰੀ ਦੇ ਮੋਟਰਸਾਈਕਲ ’ਤੇ ਰਾਹਗੀਰਾਂ ਤੋਂ ਲੁੱਟਖੋਹ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਪੁਲੀਸ ਨੇ ਨਾਕਾਬੰਦੀ ਕੀਤੀ ਹੋਈ ਸੀ। ਤਿੰਨਾਂ ਦੇ ਕਬਜ਼ੇ ਵਿੱਚੋਂ ਪੁਲੀਸ ਨੇ ਵੱਖ-ਵੱਖ ਕੰਪਨੀਆਂ ਦੇ 5 ਮੋਬਾਈਲ ਫੋਨ ਬਰਾਮਦ ਅਤੇ ਚੋਰੀ ਲਈ ਵਰਤਿਆ ਜਾਂਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਪਿੰਡ ਕਾਸਾਬਾਦ ਵਾਸੀ ਸਿਰਜਾ, ਭੱਟੀਆ ਕਲੋਨੀ ਵਾਸੀ ਸ਼ਿਵਮ ਕੁਮਾਰ ਤੇ ਪਿੰਡ ਬਹਾਦੁਰ ਕੇ ਵਾਸੀ ਅਮਰਜੀਤ ਦੇ ਖਿਲਾਫ਼ ਕੇਸ ਦਰਜ ਕਰ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ 2 ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਦੇ ਗ੍ਰਿਫ਼ਤਾਰ ਹੋਣ ਨਾਲ ਕਈ ਵਾਰਦਾਤਾਂ ਹੱਲ ਹੋਣ ਦੀ ਸੰਂਭਾਵਨਾ ਹੈ।
ਜਾਂਚ ਅਧਿਕਾਰੀ ਏਐੱਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਭੱਟੀਆਂ ਟੀ ਪੁਆਇੰਟ ’ਤੇ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਸਲੇਮ ਟਾਬਰੀ ਇਲਾਕੇ ’ਚ ਹੀ ਕੁਝ ਦਿਨ ਪਹਿਲਾਂ ਵਾਹਨ ਚੋਰੀ ਕੀਤੇ ਸਨ ਤੇ ਚੋਰੀ ਦੇ ਵਾਹਨ ’ਤੇ ਰਾਹਗੀਰਾਂ ਤੋਂ ਹਥਿਆਰ ਦੀ ਨੋਕ ’ਤੇ ਲੁੱਟਖੋਹ ਕਰਦੇ ਸਨ। ਪੁਲੀਸ ਅਨੁਸਾਰ ਮੁਲਜ਼ਮ ਨਸ਼ਾ ਪੂਰਤੀ ਲਈ ਪੈਸੇ ਨਾ ਹੋਣ ਕਾਰਨ ਸਵੇਰੇ ਘਰੋਂ ਨਿਕਲਦੇ ਸਨ ਤੇ ਸ਼ਾਮ ਤੱਕ ਕੋਈ ਨਾ ਕੋਈ ਵਾਰਦਾਤ ਕਰਕੇ ਸਸਤੇ ਭਾਅ ’ਚ ਲੁੱਟਿਆ ਸਾਮਾਨ ਵੇਚ ਕੇ ਨਸ਼ਾ ਪੂਰਤੀ ਕਰਦੇ ਸਨ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਉਹ ਚੋਰੀ ਦੇ ਮੋਬਾਈਲ ਕਿਸਨੂੰ ਵੇਚਦੇ ਹਨ।