ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੁਲਾਈ
ਸਨਅਤੀ ਸ਼ਹਿਰ ਵਿੱਚ ਭੋਲੇ ਭਾਲੇ ਲੋਕਾਂ ਨੂੰ ਨਾਜਾਇਜ਼ ਕਲੋਨੀਆਂ ਕੱਟ ਕੇ ਚੂਨਾ ਲਗਾਉਣ ਵਾਲੇ ਕਲੋਨਾਈਜ਼ਰਾਂ ’ਤੇ ਹੁਣ ਨਗਰ ਨਿਗਮ ਨੇ ਕਾਰਵਾਈ ਕਰਨ ਦੀ ਤਿਆਰੀ ਖਿੱਚ ਲਈ ਹੈ। ਜਲਦ ਹੀ ਨਿਗਮ ਸ਼ਹਿਰ ਵਿੱਚ 133 ਨਾਜਾਇਜ਼ ਕਲੋਨੀਆਂ ਕੱਟਣ ਵਾਲੇ ਕਲੋਨਾਈਜ਼ਰਾਂ ’ਤੇ ਐਫਆਈਆਰ ਦਰਜ ਕਰਵਾਏਗੀ। ਇਸ ਲਈ ਨਗਰ ਨਿਗਮ ਕਮਿਸ਼ਨਰ ਨੇ ਇਮਾਰਤ ਬਰਾਂਚ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਇਮਾਰਤ ਬਰਾਂਚ ਨੇ ਵੀ ਪੁਲੀਸ ਕਮਿਸ਼ਨਰ ਨੂੰ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਨ ਲਈ ਚਿੱਠੀ ਭੇਜੀ ਹੈ। ਦਰਅਸਲ, ਨਿਯਮਾਂ ਦੇ ਉਲਟ ਕੱਟੀਆਂ ਗਈਆਂ ਕਰੀਬ 133 ਨਾਜਾਇਜ਼ ਕਲੋਨੀਆਂ ਦੀ ਲਿਸਟ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਤਿਆਰ ਕੀਤੀ ਸੀ, ਹੁਣ ਨਿਗਮ ਇਨ੍ਹਾਂ ਕਲੋਨੀਆਂ ਨੂੰ ਕੱਟਣ ਵਾਲੇ ਕਲੋਨਾਈਜ਼ਰਾਂ ਖਿਲ਼ਾਫ਼ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਸੀਨੀਅਰ ਟਾਊਨ ਪਲਾਨ (ਐੱਸਟੀਪੀ) ਨੇ ਨਿਗਮ ਦੇ ਚਾਰਾਂ ਜ਼ੋਨ ਏਟੀਪੀਜ਼ ਨੂੰ ਨਾਜਾਇਜ਼ ਕਲੋਨੀਆਂ ਬਣਾਉਣ ਵਾਲਿਆਂ ਖਿਲਾਫ਼ ਕੇਸ ਦਰਜ ਕਰਵਾਉਣ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਨਾਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਸਾਲ 2018 ’ਚ ਇੱਕ ਪਾਲਿਸੀ ਤਿਆਰ ਕੀਤੀ ਸੀ। ਉਸ ਸਮੇਂ ਨਿਗਮ ਦੀ ਹੱਦ ’ਚ ਬਣ ਚੁੱਕੀਆਂ ਕਰੀਬ 175 ਕਲੋਨੀਆਂ ਦੇ ਕਲੋਨਾਈਜ਼ਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਸਿਰਫ਼ 35 ਕਲੋਨਾਈਜ਼ਰਾਂ ਨੇ ਹੀ ਸਾਰੇ ਕਾਗਜ਼ਾਤ ਅਤੇ ਬਕਾਇਆ ਨਿਗਮ ਕੋਲ ਜਮ੍ਹਾਂ ਕਰਵਾਇਆ। ਬਾਕੀ ਕਲੋਨਾਈਜ਼ਰਾਂ ਨੇ ਅਰਜ਼ੀਆਂ ਦਿੰਦੇ ਸਮੇਂ ਕੁਝ ਪੈਸੇ ਜਮ੍ਹਾਂ ਕਰਵਾਏ ਤੇ ਉਸ ਤੋਂ ਬਾਅਦ ਧੜੱਲੇ ਨਾਲ ਪਲਾਟ ਵੇਚ ਕੇ ਨਿਕਲ ਗਏ। ਸਰਕਾਰ ਬਦਲਦੇ ਹੀ ਹੁਣ ਇਹ ਮੁੱਦਾ ਫਿਰ ਗਰਮਾ ਗਿਆ ਹੈ। ਨਿਗਮ ਅਧਿਕਾਰੀਆਂ ਨੇ ਹੁਣ ਕੇਸ ਦਰਜ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਵੀਂ ਉਸਾਰੀ ਹੋਈ ਤਾਂ ਏਟੀਪੀ ਤੇ ਬਿਲਡਿੰਗ ਇੰਸਪੈਕਟਰ ਹੋਣਗੇ ਜ਼ਿੰਮੇਵਾਰ
ਪਿਛਲੇ ਹਫ਼ਤੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੇ ਚਾਰਾਂ ਜ਼ੋਨਾਂ ਦੇ ਏਟੀਪੀਜ਼ ਨੂੰ ਚਿੱਠੀ ਭੇਜੀ ਸੀ, ਜਿਸ ’ਚ ਲਿਖਿਆ ਸੀ ਕਿ ਨਿਗਮ ਕਮਿਸ਼ਨਰ ਅਤੇ ਸੰਯੁਕਤ ਕਮਿਸ਼ਨਰ ਦੇ ਨਾਲ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ ਹੈ ਕਿ ਸਾਰੇ ਜ਼ੋਨਾਂ ਦੇ ਏਟੀਪੀਜ਼ ਹਰ ਹਫ਼ਤੇ ਆਪਣੇ ਅਧੀਨ ਆਉਣ ਵਾਲੇ ਬਿਲਡਿੰਗ ਇੰਸਪੈਕਟਰ ਤੋਂ ਇਹ ਸਰਟੀਫਿਕੇਟ ਲੈਣਗੇ ਕਿ ਉਨ੍ਹਾਂ ਦੇ ਇਲਾਕੇ ’ਚ ਕੋਈ ਨਾਜਾਇਜ਼ ਕਲੋਨੀ ਤਾਂ ਨਹੀਂ ਉਸਾਰੀ ਜਾ ਰਹੀ। ਜੋ ਕਲੋਨਾਈਜ਼ਰ ਸਾਰੇ ਕਾਗਜ਼ਾਤ ਅਤੇ ਵਿਆਜ ਸਮੇਤ ਪੈਸੇ ਜਮ੍ਹਾ ਨਹੀਂ ਕਰਾਵੇਗਾ, ਉਸ ਦੇ ਖਿਲਾਫ਼ ਐਫ਼ਆਈਆਰ ਦਰਜ ਕਰਵਾਈ ਜਾਵੇਗੀ।