ਚਰਨਜੀਤ ਸਿੰਘ ਢਿੱਲੋਂ
ਜਗਰਾਉਂ ,19 ਜੂਨ
ਪਿਛਲੇ ਕਰੀਬ ਇੱਕ ਮਹੀਨੇ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਨਗਰ ਕੌਂਸਲ ਦੇ ਸਫ਼ਾਈ ਕਾਮੇ ਹੜਤਾਲ ’ਤੇ ਹੋਣ ਕਰ ਕੇ ਡੰਪਾਂ ਅਤੇ ਘਰਾਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ। ਜਿਸ ਕਾਰਨ ਸ਼ਹਿਰ ਦੇ 23 ਵਾਰਡਾਂ ਅਤੇ ਸੜਕਾਂ ਉਪਰ ਥਾਂ-ਥਾਂ ਕੂੜੇ ਅਤੇ ਗੰਦਗੀ ਦੇ ਢੇਰ ਲੱਗ ਗਏ ਹਨ। ਕਈ ਦਿਨਾਂ ਤੋਂ ਕੂੱੜਾ ਨਾ ਚੁੱਕੇ ਜਾਣ ਦੀ ਸੂਰਤ ’ਚ ਹਰ ਸੜਕ ’ਤੇ ਬਦਬੂ ਫੈਲਣ ਲੱਗ ਗਈ ਹੈ। ਨਾਲੀਆਂ ਅਤੇ ਸੀਵਰੇਜ ਦਾ ਵੀ ਬੁਰਾ ਹਾਲ ਹੈ। ਨਾਲੀਆਂ ਦਾ ਗੰਦਾ ਪਾਣੀ ਅਤੇ ਸੀਵਰੇਜ ਹੋਲਾਂ ਦੇ ਉਪਰ ਦੀ ਵੱਗਣ ਲੱਗ ਗਿਆ ਹੈ। ਸ਼ਹਿਰ ਦੀਆਂ ਅੰਦਰੂਨੀ ਗਲੀਆਂ ’ਚ ਲੰਘਣ ਦੀ ਥਾਂ ਨਹੀਂ ਹੈ। ਬਾਰਸ਼ਾਂ ਦੇ ਦਿਨ ਹੋਣ ਕਾਰਨ ਜੇਕਰ ਇੱਕ ਦਿਨ ਚੰਗਾ ਮੀਂਹ ਪੈ ਗਿਆ ਤਾਂ ਗੰਦਗੀ ਦੇ ਕਾਰਨ ਹੈਜ਼ਾ, ਡੇਂਗੂ, ਮਲੇਰੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਕਰੋਨਾ ਮਹਾਂਮਾਰੀ ਤੋਂ ਬਚਦੇ ਲੋਕ ਹੋਰ ਬਿਮਾਰੀਆਂ ਦੀ ਲਪੇਟ ’ਚ ਆ ਸਕਦੇ ਹਨ। ਦੱਸਣਯੋਗ ਹੈ ਕਿ ਪਹਿਲਾਂ ਹੀ ਸ਼ਹਿਰ ਦੇ ਕਈ ਪਰਿਵਾਰ ਕਰੋਨਾਂ ਦੀ ਭੇਟ ਚੜ੍ਹ ਚੁੱਕੇ ਹਨ। ਸ਼ਹਿਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਪ੍ਰਧਾਨ ਅਤੇ ਕੌਂਸਲਰਾਂ ਨੂੰ ਪ੍ਰਸ਼ਾਸਨ ਨਾਲ ਮਿਲ ਕੇ ਜਲਦੀ ਇਸ ਸਮੱਸਿਆ ਦਾ ਹੱਲ ਕੱਢਣ ਦੀ ਲੋੜ ਹੈ। ਕੁਝ ਕੁ ਦਿਨ ਤਾਂ ਕੌਂਸਲਰਾਂ ਨੇ ਕੂੜੇ ਦੀ ਸਫ਼ਾਈ ਕੀਤੀ ਉਨ੍ਹਾਂ ਨਾਲ ਸਮਾਜ ਸੇਵੀ ਸਗੰਠਨ ਵੀ ਆਏ ਪਰ ਦਿਨ ਬਹੁਤੇ ਕੰਮ ਜ਼ਿਆਦਾ ਹੋਣ ਕਾਰਨ ਸਾਰਿਆਂ ਦੇ ਹੌਸਲੇ ਪਸਤ ਹੋ ਗਏ।
ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਦੇ ਇਸ ਸਬੰਧੀ ਚਿੰਤਾਂ ਜਾਹਿਰ ਕਰਦਿਆਂ ਆਖਿਆ ਕਿ ਸਰਕਾਰ ਨਾਲ ਕਾਮਿਆਂ ਦੀ ਗੱਲਬਾਤ ਚੱਲ ਰਹੀ ਹੈ ਜਲਦੀ ਹੱਲ ਨਿਕਲ ਆਵੇਗਾ ।