ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਮਾਰਚ
ਇੱਥੇ ਰਾਏਕੋਟ ਰੋਡ ’ਤੇ ਅਬੋਹਰ ਬਰਾਂਚ ਦੀ ਨਹਿਰ ’ਤੇ ਅੰਗਰੇਜ਼ਾਂ ਵੇਲੇ ਬਣੇ ਅਖਾੜਾ ਪੁਲ ਦੇ ਨਵਾਂ ਬਣਨ ਦੀ ਉਮੀਦ ਜਾਗੀ ਹੈ। ਇਹ ਤੰਗ ਪੁਲ ਇਲਾਕੇ ਦੇ ਦਰਜਨਾਂ ਪਿੰਡਾਂ ਤੇ ਸੈਂਕੜੇ ਲੋਕਾਂ ਲਈ ਰੋਜ਼ਾਨਾ ਵੱਡੀ ਸਿਰਦਰਦੀ ਬਣਦਾ ਹੈ। ਇਸ ਤੋਂ ਇਕ ਵੇਲੇ ਇਕੋ ਪਾਸਿਓਂ ਆਵਾਜਾਈ ਲੰਘ ਸਕਦੀ ਹੈ ਅਤੇ ਅਜਿਹਾ ਹੋਣ ਸਮੇਂ ਦੂਜੇ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਪਿਛਲੀਆਂ ਅਕਾਲੀ ਤੇ ਕਾਂਗਰਸ ਸਰਕਾਰਾਂ ਸਮੇਂ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਕਈ ਵਾਰ ਧਰਨੇ ਤੇ ਭੁੱਖ ਹੜਤਾਲਾਂ ਹੋਈਆਂ। ਉਦੋਂ ਕੀਤੇ ਵਾਅਦੇ ਅੱਜ ਤਕ ਵਫ਼ਾ ਨਹੀਂ ਹੋਏ।
ਹਲਕਾ ਜਗਰਾਉਂ ਤੋਂ ਦੁਬਾਰਾ ‘ਆਪ’ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਅਧਿਕਾਰੀਆਂ ਨਾਲ ਜਾ ਕੇ ਅਖਾੜਾ ਪੁਲ ਦਾ ਜਾਇਜ਼ਾ ਲਿਆ। ਸਰਕਾਰ ਦੇ ਗਠਨ ਤੋਂ ਪਹਿਲਾਂ ਹੀ ਉਹ ‘ਐਕਸ਼ਨ ਮੋਡ’ ਵਿੱਚ ਨਜ਼ਰ ਆਏ। ਇਸ ਸਮੇਂ ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਫੌਰੀ ਬਾਅਦ ਉਨ੍ਹਾਂ ਦੀ ਤਰਜੀਹ ਇਸ ਥਾਂ ’ਤੇ ਨਵਾਂ ਪੁਲ ਬਣਾਉਣ ਦਾ ਕੰਮ ਸ਼ੁਰੂ ਕਰਵਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਹਲਕੇ ’ਚ ਇਸ ਮੁੱਖ ਪੁਲ ਤੋਂ ਇਲਾਵਾ ਡੱਲਾ ਤੇ ਬਾਰਦੇਕੇ ਵਾਲੇ ਨਹਿਰੀ ਪੁਲ ਵੀ ਬਣਾਏ ਜਾਣਗੇ। ਇਸ ਪੁਲ ਦੀ ਥਾਂ ਨਵਾਂ ਪੁਲ ਬਣਾਉਣ ਲਈ ਸੰਘਰਸ਼ ਵਿੱਢਣ ਤੇ ਲੜੀਵਾਰ ਭੁੱਖ ਹੜਤਾਲ ਕਰਨ ਵਾਲੇ ਪ੍ਰੀਤਮ ਸਿੰਘ ਅਖਾੜਾ ਵੀ ਮੌਕੇ ’ਤੇ ਮੌਜੂਦ ਸਨ। ਉਨ੍ਹਾਂ ਤੋਂ ਇਲਾਵਾ ਐਕਸੀਅਨ ਆਦੇਸ਼ ਗੁਪਤਾ, ਐੱਸਡੀਓ ਜਤਿਨ ਸਿੰਗਲਾ, ਜੇਈ ਪਰਮਿੰਦਰ ਸਿੰਘ, ਜੇਈ ਕਰਮਜੀਤ ਸਿੰਘ, ਕੁਲਵਿੰਦਰ ਸਿੰਘ ਕਾਲਾ, ਕਿਰਤੀ ਕਿਸਾਨ ਯੂਨੀਅਨਦੇ ਆਗੂ ਹਰਦੇਵ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ ਦੇਹੜਕਾ, ਇੰਦਰਜੀਤ ਸਿੰਘ ਲੰਮੇ ਆਦਿ ਮੌਜੂਦ ਸਨ।
ਵਿਧਾਇਕ ਮਾਣੂੰਕੇ ਨੇ ਮੌਜੂਦ ਅਧਿਕਾਰੀਆਂ ਨੂੰ ਪੁਲ ਬਣਾਉਣ ਬਾਰੇ ਤਖਮੀਨਾ ਤਿਆਰ ਕਰ ਕੇ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਹਿਲੀ ਕੈਬਨਿਟ ਮੀਟਿੰਗ ’ਚ ਇਹ ਮੁੱਦਾ ਰੱਖਿਆ ਜਾਵੇਗਾ ਅਤੇ ਪਹਿਲ ਦੇ ਆਧਾਰ ’ਤੇ ਪੁਲ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਸਰਵਜੀਤ ਕੌਰ ਮਾਣੂੰਕੇ ਨੂੰ ਸਪੀਕਰ ਬਣਾਉਣ ’ਤੇ ਵਿਚਾਰਾਂ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਹਲਕਾ ਜਗਰਾਉਂ ਤੋਂ ਦੂਜੀ ਵਾਰ ਵੱਡੇ ਫ਼ਰਕ ਨਾਲ ਜੇਤੂ ਸਰਵਜੀਤ ਕੌਰ ਮਾਣੂੰਕੇ ਨੂੰ ਪਾਰਟੀ ਵੱਲੋਂ ਮੰਤਰੀ ਬਣਾਉਣ ਦੀ ਚਰਚਾ ਚੱਲ ਰਹੀ ਸੀ। ਪੋਸਟਗ੍ਰੈਜੂਏਟ, ਮਹਿਲਾ ਆਗੂ ਅਤੇ ਪਾਰਟੀ ਦਾ ਦਲਿਤ ਚਿਹਰਾ ਹੋਣ ਤੋਂ ਇਲਾਵਾ ਦੂਜੀ ਵਾਰ ਵੱਡੇ ਫ਼ਰਕ ਨਾਲ ਚੋਣ ਜਿੱਤਣ ਕਰ ਕੇ ਉਨ੍ਹਾਂ ਦਾ ਮੰਤਰੀ ਬਣਨਾ ਪੱਕਾ ਮੰਨਿਆ ਜਾ ਰਿਹਾ ਸੀ ਪਰ ਹੁਣ ਤਾਜ਼ਾ ਜਾਣਕਾਰੀ ਅਨੁਸਾਰ ਪਾਰਟੀ ਉਨ੍ਹਾਂ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਪੜ੍ਹੇ-ਲਿਖੇ ਅਤੇ ਤਜਰਬੇ ਕਰ ਕੇ ਪਾਰਟੀ ਦੀ ਤਰਜੀਹ ਉਨ੍ਹਾਂ ਨੂੰ ਸਪੀਕਰ ਬਣਾਉਣ ਦੀ ਹੈ। ‘ਆਪ’ ਵੱਲੋਂ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਲਈ ਕਈ ਵਿਧਾਇਕਾਂ ਦਾ ਨਾਂ ਵਿਚਾਰਿਆ ਗਿਆ, ਇਨ੍ਹਾਂ ਵਿੱਚੋਂ ਸਭ ਤੋਂ ਮੂਹਰੇ ਬੀਬੀ ਮਾਣੂੰਕੇ ਦਾ ਨਾਂ ਆਉਣ ਦੇ ਆਸਾਰ ਹਨ। ਪਾਰਟੀ ਦੇ ਸੂਤਰਾਂ ਅਨੁਸਾਰ ਵਿਧਾਇਕ ਮਾਣੂੰਕੇ ਨੂੰ ‘ਆਪ’ ਵੱਲੋਂ ਇਸ ਬਾਰੇ ਜਾਣੂੰ ਵੀ ਕਰਵਾ ਦਿੱਤਾ ਗਿਆ ਹੈ। ਇਸ ਲਈ ਵਿਧਾਇਕਾ ਦੀ ਸਹਿਮਤੀ ਲੈਣੀ ਬਾਕੀ ਹੈ। ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਸੰਪਰਕ ਕਰਨ ’ਤੇ ਕਿਹਾ ਕਿ ਪਾਰਟੀ ਅਤੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦੇਣਗੇ, ਉਹ ਤਨਦੇਹੀ ਨਾਲ ਨਿਭਾਉਣ ਲਈ ਤਿਆਰ ਹਨ।