ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 26 ਅਪਰੈਲ
ਅੰਤਾਂ ਦੀ ਪੈ ਰਹੀ ਗਰਮੀ ’ਚ ਪਿਆਸ ਬੁਝਾਉਣ ਲਈ ਜਿੱਥੇ ਅਮੀਰ ਲੋਕਾਂ ਕੋਲ ਫਰਿੱਜਾਂ ਤੇ ਬਿਜਲਈ ਵਾਟਰ ਕੂਲਰ ਹਨ ਜੋ ਲੰਬੇ ਸਮੇਂ ਤੱਕ ਪਾਣੀ ਨੂੰ ਠੰਡਾ ਰੱਖਦੇ ਹਨ ਪਰ ਮੱਧਵਰਗੀ ਅਤੇ ਲੋੜਵੰਦ ਪਰਿਵਾਰਾਂ ਕੋਲ ਘੁਮਿਆਰਾਂ ਵੱਲੋਂ ਹੱਥੀਂ ਤਿਆਰ ਕੀਤੇ ਮਿੱਟੀ ਦੇ ਭਾਂਡਿਆਂ ਦੀਆਂ ਵੀ ਵੱਖ-ਵੱਖ ਵੰਨਗੀਆਂ ਬਜ਼ਾਰਾਂ ’ਚ ਉਪਲਬਧ ਹਨ। ਪਿਛਲੇ ਕੁਝ ਸਾਲਾਂ ਤੋਂ ਪਲਾਸਟਿਕ ਦੇ ਬਣੇ ਪਾਣੀ ਠੰਡਾ ਰੱਖਣ ਵਾਲੇ ਕੂਲਰਾਂ ਦਾ ਪਿੰਡਾਂ ’ਚ ਵੀ ਭਾਰੀ ਬੋਲਬਾਲਾ ਹੋ ਗਿਆ ਸੀ ਅਤੇ ਲੋਕ ਘੜਿਆਂ ਦੀ ਥਾਂ ਇਨ੍ਹਾਂ ਨੂੰ ਵਰਤਣ ਲੱਗ ਪਏ ਸਨ। ਹੁਣ ਦੁਬਾਰਾ ਫਿਰ ਤੋਂ ਮਿੱਟੀ ਦੇ ਬਣੇ ਘੜੇ, ਗਾਗਰਾਂ ਅਤੇ ਕੂਲਰਾਂ ਦਾ ਦੌਰ ਆਰੰਭ ਹੋ ਗਿਆ ਹੈ। ਪਲਾਸਟਿਕ ਦੇ ਨੁਕਸਾਨ ਅਤੇ ਆਪਣੀ ਸਿਹਤ ਪ੍ਰਤੀ ਸੁਚੇਤ ਲੋਕਾਂ ਨੇ ਮੁੜ ਤੋਂ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਘੁਮਿਆਰ ਬਰਾਦਰੀ ਨਾਲ ਸਬੰਧਤ ਕਾਰੀਗਰ ਰਾਜੂ ਨੇ ਦੱਸਿਆ ਕਿ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ’ਚ ਵੀ ਮਿੱਟੀ ਦੇ ਭਾਂਡਿਆਂ ਦੀ ਮੰਗ ਨੇ ਜ਼ੋਰ ਫੜਿਆ ਹੈ। ਪਹਿਲਾਂ ਲੋਕ ਘੜਿਆਂ ਨੂੰ ਟੂਟੀਆਂ ਲਗਵਾ ਕੇ ਘਰਾਂ ’ਚ ਰੱਖਦੇ ਸਨ। ਹੁਣ ਮਿੱਟੀ ਦੇ ਕਾਰੀਗਰਾਂ ਨੇ ਘੜਿਆਂ ਨੂੰ ‘ਵਾਟਰ ਕੂਲਰ’ ਦੀ ਸ਼ਕਲ ਦੇ ਦਿੱਤੀ ਹੈ। ਮਿੱਟੀ ਦਾ ਕੂਲਰ ਤਿਆਰ ਕਰ ਉਸ ਨੂੰ ਭੱਠੀ ’ਚ ਪਕਾਉਣ ਤੋਂ ਬਾਅਦ ਘਰਾਂ ਦੀਆਂ ਸੁਆਣੀਆਂ ਕੂਲਰਾਂ ਨੂੰ ਹੱਥਾਂ ਨਾਲ ਰੰਗਦੀਆਂ ਅਤੇ ਉਨ੍ਹਾਂ ਉਪਰ ਵੇਲ ਬੂਟੇ ਪਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕੂਲਰ 5, 6 ਅਤੇ 8 ਲੀਟਰ ਦੀ ਸਮਰੱਥਾ ਵਾਲੇ ਬਣਾਏ ਜਾਂਦੇ ਹਨ ਜੋ 300 ਤੋਂ ਲੈ ਕੇ 500 ਰੁਪਏ ਤੱਕ ਵੇਚੇ ਜਾਂਦੇ ਹਨ।