ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਅਗਸਤ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਦਾ ਖ਼ਜ਼ਾਨਾ ਖਾਲੀ ਹੋ ਗਿਆ ਹੈ। ਨਿਗਮ ਦੇ ਖ਼ਜ਼ਾਨੇ ਵਿੱਚ ਪੈਸੇ ਨਾ ਹੋਣ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ ਹੈ। ਅਗਸਤ ਮਹੀਨੇ ਦੇ 23 ਦਿਨ ਬੀਤਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਹਾਲੇ ਜੁਲਾਈ ਮਹੀਨੇ ਦੀ ਤਨਖਾਹ ਨਹੀਂ ਮਿਲੀ ਹੈ, ਜਿਸ ਕਾਰਨ ਹੁਣ ਮੁਲਾਜ਼ਮ ਪ੍ਰੇਸ਼ਾਨ ਹੋਣ ਲੱਗੇ ਹਨ। ਮੁਲਾਜ਼ਮਾਂ ਅਨੁਸਾਰ ਹਰ ਮਹੀਨੇ ਤਨਖਾਹ ਲੇਟ ਆਉਣ ਕਾਰਨ ਕਰਜ਼ੇ ਦੀਆਂ ਕਿਸ਼ਤਾਂ ਭਰਨੀਆਂ ਔਖੀਆਂ ਹੋ ਰਹੀਆਂ ਹਨ। ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀ ਇੱਕ ਵਾਰ ਫਿਰ ਜੀਐੱਸਟੀ ਤਹਿਤ ਮਿਲਣ ਵਾਲੇ ਪੈਸੇ ’ਤੇ ਆਸ ਲਾਈ ਬੈਠੇ ਹਨ। ਨਿਗਮ ਵਿੱਚ 4300 ਮੁਲਾਜ਼ਮ ਪੱਕੇ, ਕਰੀਬ 3700 ਠੇਕੇ ਤੇ ਡੀਸੀ ਰੇਟ ’ਤੇ ਕੰਮ ਕਰਦੇ ਹਨ, ਜਿਨ੍ਹਾਂ ਦੀਆਂ ਤਨਖ਼ਾਹਾਂ ’ਤੇ ਪ੍ਰਤੀ ਮਹੀਨਾ 30 ਕਰੋੜ ਰੁਪਏ ਖ਼ਰਚ ਆਉਂਦਾ ਹੈ। ਨਗਰ ਨਿਗਮ ਪੂਰੀ ਤਰ੍ਹਾਂ ਮੁਲਾਜ਼ਮਾਂ ਦੀ ਤਨਖਾਹ ਲਈ ਕੇਂਦਰ ਤੋਂ ਮਿਲਣ ਵਾਲੇ ਜੀਐੱਸਟੀ ’ਤੇ ਨਿਰਭਰ ਹੈ, ਜੇਕਰ ਜੀਐੱਸਟੀ ਕਿਸ਼ਤ ਨਹੀਂ ਆਉਂਦੀ ਤਾਂ ਮੁਲਾਜ਼ਮਾਂ ਤੇ ਅਧਿਕਾਰੀਆਂ ਦੋਵਾਂ ਨੂੰ ਤਨਖਾਹ ਨਹੀਂ ਮਿਲਦੀ।
ਨਿਗਮ ਦਾ 968.13 ਕਰੋੜ ਰੁਪਏ ਦਾ ਬਜਟ ਪਾਸ ਹੋਇਆ ਹੈ। ਇਸ ’ਚ ਆਮਦਨ ਦਾ ਸਭ ਤੋਂ ਵੱਡਾ ਸਾਧਨ ਜੀਐੱਸਟੀ ਤਹਿਤ ਮਿਲਣ ਵਾਲੀ ਕਿਸ਼ਤ ਹੈ। ਕਰੀਬ 610 ਕਰੋੜ ਰੁਪਏ ਨਿਗਮ ਨੂੰ ਜੀਐੱਸਟੀ ਤਹਿਤ ਸਾਲ ’ਚ ਮਿਲਦੇ ਹਨ। ਨਿਗਮ ਨੂੰ ਜੀਐੱਸਟੀ ਦੀ ਕਿਸ਼ਤ ਘੱਟ ਮਿਲ ਰਹੀ ਹੈ ਤੇ ਹਮੇਸ਼ਾ ਹੀ ਲੇਟ ਮਿਲਦੀ ਹੈ, ਇਸ ਕਰਕੇ ਨਗਰ ਨਿਗਮ ਦੇ ਵਿੱਤੀ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਦੂਜਾ ਮੁਲਾਜ਼ਮ ਰਿਕਵਰੀ ਨਹੀਂ ਕਰ ਰਹੇ ਹਨ, ਜਿਸ ਕਾਰਨ ਖਜ਼ਾਨਾ ਖਾਲੀ ਹੁੰਦਾ ਜਾ ਰਿਹਾ ਹੈ। ਪ੍ਰਾਪਰਟੀ ਟੈਕਸ ਸਮੇਤ ਹੋਰ ਬ੍ਰਾਂਚਾਂ ਰਿਕਵਰੀ ਦੇ ਟੀਚੇ ਨੂੰ ਪੂਰਾ ਨਹੀਂ ਕਰ ਪਾ ਰਹੀਆਂ। ਮੁਲਾਜ਼ਮਾਂ ਨੂੰ ਹੁਣ ਹਰ ਮਹੀਨੇ ਪਿਛਲੇ ਮਹੀਨੇ ਦੀ ਤਨਖਾਹ ਲਈ 20-20 ਦਿਨ ਉਡੀਕ ਕਰਨੀ ਪੈਂਦੀ ਹੈ।
ਮੁਲਾਜ਼ਮਾਂ ਨੇ ਕਿਹਾ ਕਿ ਤਨਖਾਹ ਲੇਟ ਹੋਣ ਕਾਰਨ ਹਰ ਮਹੀਨੇ ਉਨ੍ਹਾਂ ਦੀਆਂ ਕਿਸ਼ਤਾਂ ਲੇਟ ਹੋ ਰਹੀਆਂ ਹਨ। ਬੱਚਿਆਂ ਦੀ ਸਕੂਲ ਫੀਸ ਤੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਜੀਐੱਸਟੀ ਨਾ ਆਉਣ ਕਾਰਨ ਤਨਖਾਹ ਨਹੀਂ ਦਿੱਤੀ ਗਈ ਹੈ ਪਰ ਜਿਵੇਂ ਹੀ ਜੀਐੱਸਟੀ ਦੇ ਪੈਸੇ ਆਉਣਗੇ ਹਰ ਮੁਲਾਜ਼ਮ ਦੇ ਬੈਂਕ ਅਕਾਊਂ ਵਿੱਚ ਤਨਖਾਹ ਪਾ ਦਿੱਤੀ ਜਾਵੇਗੀ।
ਮਿਉਂਸਿਪਲ ਸੰਘਰਸ਼ ਕਮੇਟੀ ਵੱਲੋਂ ਨਿਗਮ ਨੂੰ 72 ਘੰਟੇ ਦਾ ਅਲਟੀਮੇਟਮ
ਮਿਉਂਸਿਪਲ ਐਂਪਲਾਈਜ਼ ਸੰਘਰਸ਼ ਕਮੇਟੀ ਨਗਰ ਨਿਗਮ ਵੱਲੋਂ ਚੇਅਰਮੈਨ ਅਸ਼ਵਨੀ ਸਹੋਤਾ ਅਤੇ ਪ੍ਰਧਾਨ ਜਸਦੇਵ ਸਿੰਘ ਸੇਖੋਂ ਦੀ ਅਗਵਾਈ ਹੇਠ ਵਫ਼ਦ ਨਿਗਮ ਕਮਿਸ਼ਨਰ ਸ਼ੈਨਾ ਅਗਰਵਾਲ ਨੂੰ ਮਿਲਿਆ। ਕਮੇਟੀ ਦੇ ਮੈਂਬਰਾਂ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ 72 ਘੰਟਿਆਂ ਦਾ ਅਲਟੀਮੇਟਮ ਨੋਟਿਸ ਕਮਿਸ਼ਨਰ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਕਮੇਟੀ 26 ਅਗਸਤ ਨੂੰ ਵੱਡੇ ਪੱਧਰ ’ਤੇ ਰੋਸ ਰੈਲੀ ਕਰੇਗੀ ਤੇ ਅੱਗੇ ਦਾ ਸੰਘਰਸ਼ ਸ਼ੁਰੂ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਡੀਸੀ ਰੇਟ/70 ਫੀਸਦੀ ਸੈਕਸ਼ਨ ਵਾਲੇ ਸਫ਼ਾਈ ਕਰਮਚਾਰੀ, ਸੀਵਰਮੈਨ, ਡਰਾਈਵਰਾਂ ਨੂੰ ਰੈਗਲੂਰ ਕਰਮਚਾਰੀ ਵਜੋਂ ਨਿਯੁਕਤੀ ਪੱਤਰ ਦਿੱਤੇ ਜਾਣ, ਬੇਲਦਾਰ ਅਤੇ ਓਐਂਡਐੱਮ ਸੈੱਲ ਤੇ ਬਾਗ਼ਬਾਨੀ ਸ਼ਾਖਾ ਦੇ 394 ਕਰਮਚਾਰੀ ਵੀ ਪੱਕੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨਾਲ ਮੇਅਰ ਤੇ ਕਮਿਸ਼ਨਰ ਨਾਲ 1 ਜੁਲਾਈ ਨੂੰ ਮੀਟਿੰਗ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਮੰਨਿਆ ਸੀ, ਜਿਸਦੀ ਕਾਰਵਾਈ ਰਿਪੋਰਟ 13 ਜੁਲਾਈ ਨੂੰ ਜਾਰੀ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਨਗਰ ਨਿਗਮ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਵਿੱਚ ਰੋਸ ਹੈ। ਜਿਸ ਦੇ ਸਿੱਟੇ ਵਜੋਂ 26 ਅਗਸਤ ਨੂੰ ਸਵੇਰੇ 11 ਵਜੇ ਜ਼ੋਨ-ਏ ਵਿੱਚ ਵੱਡੇ ਪੱਧਰ ’ਤੇ ਰੋਸ ਰੈਲੀ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ’ਤੇ ਮੁੱਖ ਮੰਤਰੀ ਨੇ 3600 ਮੁਲਾਜ਼ਮ ਤੇ ਸੀਵਰਮੈਨਾਂ ਨੂੰ ਪੱਕਾ ਕਰਨ ਦੀ ਗੱਲ ਕਹੀ ਸੀ। ਇੱਕ ਸਫ਼ਾਈ ਸੇਵਕ ਤੇ ਇੱਕ ਸੀਵਰਮੈਨ ਨੂੰ ਮੌਕੇ ’ਤੇ ਨਿਯੁਕਤੀ ਪੱਤਰ ਵੀ ਦਿੱਤਾ ਸੀ ਪਰ ਬਾਅਦ ਵਿੱਚ ਨਗਰ ਨਿਗਮ ਨੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਕਾਰਵਾਈ ਮੱਠੀ ਪਾ ਦਿੱਤੀ। ਇਸ ਮੌਕੇ ਹਰਪਾਲ ਸਿੰਘ ਨਿਮਾਣਾ, ਸੁਨੀਲ ਸ਼ਰਮਾ ਐਸਡੀਓ, ਸੁਨੀਲ ਸ਼ਰਮਾ, ਪਵਨ ਸ਼ਰਮਾ, ਦੇਵੀ ਸਹਾਏ ਟੰਡਨ, ਅਬਦੁਲ ਸਤਾਰ, ਵਿਜੈ ਮਾਨਵ ਅਤੇ ਵਰਿੰਦਰ ਸਿੰਘ ਮੌਜੂਦ ਸਨ।