ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੂਨ
ਸਨਅਤੀ ਸ਼ਹਿਰ ਦੀ ਆਨੰਦ ਬਿਹਾਰ ਕਲੋਨੀ ਇਲਾਕੇ ਦੇ ਵਾਸੀ 12ਵੀਂ ਦੇ ਵਿਦਿਆਰਥੀ ਕੁੰਦਨ (18) ਦੀ ਲਾਸ਼ ਸ਼ੱਕੀ ਹਾਲਾਤ ’ਚ ਸ਼ਨਿਚਰਵਾਰ ਨੂੰ ਉਸ ਦੇ ਘਰ ਵਿੱਚੋਂ ਪੱਖੇ ਨਾਲ ਲਟਕਦੀ ਮਿਲੀ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਉਸ ਦਾ ਭਰਾ ਚੰਦਨ ਉਸ (ਕੁੰਦਨ) ਨੂੰ ਦੇਖਣ ਲਈ ਉਸ ਦੇ ਕਮਰੇ ਵਿੱਚ ਗਿਆ। ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਕੁੰਦਨ ਦੇ ਢਿੱਡ ’ਚ ਖੂਨ ਦੇ ਨਿਸ਼ਾਨ ਸਨ। ਇਸ ਦੌਰਾਨ ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਕਤਲ ਕਰ ਕੇ ਲਾਸ਼ ਲਟਕਾਈ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਿਕ ਕੁੰਦਨ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ, ਜਿਸ ਦਾ ਕਾਰਨ ਉਸ ਨੇ ਪਰਿਵਾਰ ਨੂੰ ਨਹੀਂ ਸੀ ਦੱਸਿਆ। ਬੀਤੀ ਰਾਤ ਉਹ ਆਪਣੇ ਭਰਾ ਚੰਦਨ ਦੇ ਨਾਲ ਵਿਹੜੇ ’ਚ ਸੌਂ ਗਿਆ। ਦੇਰ ਰਾਤ ਉਹ ਨੀਂਦ ’ਚੋਂ ਉੱਠਿਆ ਤੇ ਅੰਦਰ ਕਮਰੇ ’ਚ ਜਾ ਕੇ ਪੱਖੇ ਨਾਲ ਲਟਕ ਕੇ ਕਥਿਤ ਖੁਦਕੁਸ਼ੀ ਕਰ ਲਈ। ਸਵੇਰੇ ਜਦੋਂ ਚੰਦਨ ਨੀਂਦ ’ਚੋਂ ਉਠਿਆ ਤਾਂ ਕੁੰਦਨ ਉੱਥੇ ਨਹੀਂ ਸੀ। ਇਸ ਮਗਰੋਂ ਉਸ ਨੇ ਕਮਰੇ ਵਿੱਚ ਜਾ ਕੇ ਰੌਲਾ ਪਾਇਆ ਤਾਂ ਪਰਿਵਾਰ ਵਾਲੇ ਵੀ ਆ ਗਏ ਅਤੇ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਥਾਣਾ ਸਾਹਨੇਵਾਲ ਦੇ ਇੰਚਾਰਜ ਸਬ ਇੰਸਪੈਕਟਰ ਰਾਜਵੰਤਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।