ਸੰਤੋਖ ਗਿੱਲ
ਗੁਰੂਸਰ ਸੁਧਾਰ, 16 ਜੁਲਾਈ
ਪੀਪਲਜ਼ ਆਰਟ ਪਟਿਆਲਾ ਵੱਲੋਂ ਸਤਪਾਲ ਬੰਗਾ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ “ਜਿਨ੍ਹਾਂ ਦੀ ਅਣਖ ਜਿਊਂਦੀ ਹੈ” ਅੱਜ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਲੜੀਵਾਰ ਧਰਨੇ ਦੀ ਅਗਵਾਈ ਅਮਨਦੀਪ ਕੌਰ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸਕੂਲੀ ਵਿਦਿਆਰਥਣ ਸੁਰੀਤ ਕੌਰ ਨੇ ਦੱਸਿਆ ਕਿ 18 ਜੁਲਾਈ ਨੂੰ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਪੱਕੇ ਮੋਰਚੇ ’ਤੇ ਇਕ ਦਿਨ ਬੱਚਿਆਂ ਦੇ ਨਾਂ ਸਮਰਪਿਤ ਹੋਵੇਗਾ।
ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਅਗਲੀ ਪੀੜ੍ਹੀ ਸੰਘਰਸ਼ਾਂ ਲਈ ਤਿਆਰ ਹੋ ਰਹੀ ਹੈ, ਦਾ ਸੁਨੇਹਾ ਮੋਦੀ ਸਰਕਾਰ ਨੂੰ ਦਿੱਤਾ ਜਾਵੇਗਾ। ਬੱਚੇ ਚੰਗੇ ਭਵਿੱਖ ਲਈ ਆਪਣੇ ਆਪ ਨੂੰ ਸਿਧਾਂਤਿਕ ਤੌਰ ’ਤੇ ਤਿਆਰ ਕਰਨਗੇ। ਇਸ ਮੌਕੇ ਰਾਜਿੰਦਰ ਕੌਰ, ਮਹਿੰਦਰ ਕੌਰ, ਸੁਖਵਿੰਦਰ ਕੌਰ, ਜਗਤਾਰ ਸਿੰਘ ਚਕੋਹੀ, ਅਮਰੀਕ ਸਿੰਘ ਜੜਤੌਲੀ, ਸੁਰਜੀਤ ਸਿੰਘ ਸੀਲੋਂ ਨੇ ਵੀ ਸੰਬੋਧਨ ਕੀਤਾ। ਉੱਧਰ ਲੁਧਿਆਣਾ-ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ਉੱਪਰ ਵੀ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਲੜੀਵਾਰ ਧਰਨਾ ਜਾਰੀ ਰਿਹਾ।