ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਮਾਰਚ
ਸ਼ਰਾਬ ਤਸਕਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਸੀਆਈਏ-3 ਦੀ ਟੀਮ ਨੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਪੁਲੀਸ ਨਾਕਾਬੰਦੀ ਦੇਖ ਕੇ ਸ਼ਰਾਬ ਤਸਕਰ ਆਪਣੀ ਕਾਰ ਤੇ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ। ਪੁਲੀਸ ਨੇ ਹਾਂਡਾ ਸਿਟੀ ਕਾਰ ’ਚੋਂ ਨਾਜਾਇਜ਼ ਸ਼ਰਾਬ ਦੀਆਂ 40 ਪੇਟੀਆਂ ਬਰਾਮਦ ਕੀਤੀਆਂ ਹਨ, ਜਦੋਂਕਿ ਲਾਡੋਵਾਲ ਦੇ ਇਲਾਕੇ ’ਚੋਂ ਮੋਟਰਸਾਈਕਲ ’ਤੇ 60 ਬੋਤਲਾਂ ਬਰਾਮਦ ਕੀਤੀਆਂ ਹਨ। ਕਮਿਸ਼ਨਰੇਟ ਪੁਲੀਸ ਦੇ 2 ਥਾਣਿਆਂ ਨੇ ਮਾਮਲੇ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੀਆਈਏ-3 ਦੇ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਏਐੱਸਆਈ ਅਮਰਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸੰਗੋਵਾਲ ਦੇ ਨਜ਼ਦੀਕੀ ਸੂਆ ਪੁਲ ’ਤੇ ਤਸਕਰ ਸ਼ਰਾਬ ਵੇਚਣ ਲਈ ਆ ਰਿਹਾ ਹੈ। ਪੁਲੀਸ ਟੀਮ ਨਾਲ ਜਦੋਂ ਛਾਪਾ ਮਾਰਿਆ ਗਿਆ ਤਾਂ ਮੁਲਜ਼ਮ ਪੁਲੀਸ ਨੂੰ ਆਉਂਦਾ ਦੇਖ ਆਪਣੀ ਹੌਂਡਾ ਸਿਟੀ ਕਾਰ ਛੱਡ ਕੇ ਫ਼ਰਾਰ ਹੋ ਗਿਆ। ਜਦੋਂ ਹੌਂਡਾ ਸਿਟੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਅੰਦਰੋ ਵੱਖ-ਵੱਖ ਕੰਪਨੀਆਂ ਦੀ ਨਾਜਾਇਜ਼ 40 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ। ਇਸ ਮਾਮਲੇ ਵਿੱਚ ਥਾਣਾ ਸਦਰ ’ਚ ਅਣਪਛਾਤੇ ਮੁਲਜ਼ਮ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਦੋਂ ਕਿ ਦੂਸਰੇ ਮਾਮਲੇ ਵਿੱਚ ਸੀਆਈਏ-3 ਦੇ ਏਐਸਆਈ ਦਵਿੰਦਰ ਸਿੰਘ ਪੁਲੀਸ ਪਾਰਟੀ ਦੇ ਨਾਲ ਲਾਡੋਵਾਲ ਗਸ਼ਤ ਕਰ ਰਹੇ ਸਨ। ਉਨ੍ਹਾਂ ਨੂੰ ਉਸ ਸਮੇਂ ਸੂਚਨਾ ਮਿਲੀ ਕਿ ਲਾਡੋਵਾਲ ’ਚ ਇੱਕ ਤਸਕਰ ਸ਼ਰਾਬ ਮੋਟਰਸਾਈਕਲ ’ਤੇ ਸਪਲਾਈ ਕਰਨ ਲਈ ਜਾ ਰਿਹਾ ਹੈ। ਇਸ ’ਤੇ ਪੁਲੀਸ ਨੇ ਨਾਕਾ ਲਾ ਕੇ ਮੁਲਜ਼ਮ ਦਾ ਮੋਟਰਸਾਈਕਲ ਆਉਂਦਾ ਦੇਖ ਰੋਕਣ ਦੀ ਕੋਸ਼ਿਸ਼ ਕੀਤੀ, ਜੋ ਕਿ ਪੁਲੀਸ ਨੂੰ ਦੇਖ ਕੇ ਮੋਟਰਸਾਈਕਲ ਛੱਡ ਫ਼ਰਾਰ ਹੋ ਗਿਆ। ਉਸ ਦੇ ਮੋਟਰਸਾਈਕਲ ਦੇ ਦੋਵੇਂ ਪਾਸੇ ਕੇਨੀਆਂ ਲਟਕ ਰਹੀਆਂ ਸਨ। ਜਦੋਂ ਪੁਲੀਸ ਨੇ ਕੇਨੀਆਂ ਦੀ ਜਾਂਚ ਕੀਤੀ ਤਾਂ ਉਸ ਅੰਦਰੋ 30-30 ਬੋਤਲਾਂ ਬਰਾਮਦ ਹੋਈਆਂ। ਪੁਲੀਸ ਨੂੰ ਮੁਲਜ਼ਮ ਦੀ ਪਛਾਣ ਪਿੰਡ ਰਾਜਪੁਰ ਦੇ ਰਾਂਝਾ ਵਜੋਂ ਹੋਈ ਹੈ। ਥਾਣਾ ਲਾਡੋਵਾਲ ’ਚ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।