ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 29 ਅਕਤੂਬਰ
ਸ੍ਰੀਨਗਰ ਨੂੰ ਦਿੱਲੀ ਨਾਲ ਜੋੜਦੇ ਮੁੱਖ ਮਾਰਗ ਵਿਚਕਾਰ ਪੈਂਦੇ ਸਤਲੁਜ ਦਰਿਆ ’ਤੇ ਬਣੇ ਪੁਲ ਦੀ ਸਲੈਬ ਧਸਣ ਕਾਰਨ ਭਾਰੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ’ਤੇ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦਾ ਉਦਘਾਟਨ 2007 ’ਚ ਕੀਤਾ ਗਿਆ ਸੀ। ਉਸ ਤੋਂ ਬਾਅਦ ਪੁਲ ਦੀ ਸਲੈਬ ਪਹਿਲਾਂ ਵੀ ਦੋ ਵਾਰ ਧਸ ਚੁੱਕੀ ਹੈ। ਇਸ ਦੀ ਲੋਕ ਨਿਰਮਾਣ ਵਿਭਾਗ ਵੱਲੋਂ ਮੁਰੰਮਤ ਕਰਵਾਈ ਗਈ ਸੀ। ਅੱਜ ਸਵੇਰੇ ਪੁਲ ਦੇ ਵਿਚਕਾਰ ਜਦੋਂ ਇਹ ਸਲੈਬ ਧਸਣੀ ਸ਼ੁਰੂ ਹੋਈ ਤਾਂ ਰਾਹੋਂ ਵਾਲੇ ਪਾਸੇ ਬਣਾਈ ਪੁਲੀਸ ਚੌਕੀ ’ਚ ਤਾਇਨਾਤ ਮੁਲਾਜ਼ਮਾਂ ਵੱਲੋਂ ਪੁਲ ’ਤੇ ਬੈਰੀਕੇਡ ਲਗਾ ਕੇ ਭਾਰੀ ਆਵਾਜਾਈ ਰੋਕ ਦਿੱਤੀ ਗਈ। ਕੇਵਲ ਕਾਰਾਂ ਤੇ ਛੋਟੇ ਵਾਹਨਾਂ ਲਈ ਹੀ ਰਸਤਾ ਖੋਲ੍ਹਿਆ ਗਿਆ। ਮਾਛੀਵਾੜਾ ਤੋਂ ਨਵਾਂਸ਼ਹਿਰ ਨੂੰ ਜਾਂਦੀ ਬੱਸ ਸਰਵਿਸ ਵੀ ਸਲੈਬ ਧਸਣ ਕਾਰਨ ਪ੍ਰਭਾਵਿਤ ਹੋਈ। ਬੱਸਾਂ ਵਾਲਿਆਂ ਵੱਲੋਂ ਪੁਲ ਦੇ ਇੱਕ ਪਾਸੇ ਹੀ ਉਤਾਰਨ ਕਾਰਨ ਸਵਾਰੀਆਂ ਪੈਦਲ ਇੱਕ ਕਿਲੋਮੀਟਰ ਤੁਰ ਕੇ ਪੁਲ ਦੇ ਦੂਜੇ ਪਾਸੇ ਅਗਲੀ ਬੱਸ ’ਚ ਪੁੱਜੀਆਂ। ਭਾਰੀ ਆਵਾਜਾਈ ਬੰਦ ਹੋਣ ਕਾਰਨ ਆਨੰਦਪੁਰ ਸਾਹਿਬ ਤੇ ਹਿਮਾਚਲ ਤੋਂ ਆਉਂਦੀ ਬਜਰੀ ਤੇ ਰੇਤੇ ਦੀ ਸਪਲਾਈ ਰੁਕਣ ਸਣੇ ਹੋਰ ਭਾਰੀ ਵਾਹਨ ਵੀ ਰੁਕ ਗਏ ਹਨ। ਪੁਲ ਦੀ ਸਲੈਬ ਧਸਣ ’ਤੇ ਪਿੰਡ ਵਾਸੀਆਂ ਨੇ ਇਸ ਵਿਚ ਵਰਤੀ ਗਈ ਸਮੱਗਰੀ ਦੀ ਗੁਣਵੱਤਾ ’ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਵਿਭਾਗ ਦੀ ਅਣਗਹਿਲੀ ਵੀ ਸਾਹਮਣੇ ਆਈ ਜੋ ਸਮੇਂ ਸਿਰ ਇਸ ਦੀ ਮੁਰੰਮਤ ਨਹੀਂ ਕਰਦਾ। ਸਤਲੁਜ ਦਰਿਆ ਦਾ ਪੁਲ ਨਵਾਂਸ਼ਹਿਰ ਜ਼ਿਲ੍ਹੇ ਅਧੀਨ ਪੈਂਦਾ ਹੈ। ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਲੈਬ ਧਸਣ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋਇਆ।