ਪੱਤਰ ਪ੍ਰੇਰਕ
ਸਮਰਾਲਾ, 13 ਸਤੰਬਰ
ਇਥੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਅਤੇ ਐਸੋਸੀਏਸ਼ਨ ਆਫ਼ ਪੰਜਾਬ ਦੇ ਸੱਦੇ ’ਤੇ ਮਿਸ਼ਨ ਹਰਿਆਲੀ-2022 ਦੇ ਮੱਦੇਨਜ਼ਰ ਅੱਜ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਸਕੂਲ ਵੱਲੋਂ ਬੂਟੇ ਵੰਡੇ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਦਰੱਖਤਾਂ ਦੀ ਕਟਾਈ ਕਾਰਨ ਗਲੋਬਲ ਵਾਰਮਿੰਗ ਦਾ ਪ੍ਰਭਾਵ ਹਰ ਸਾਲ ਵੱਧ ਰਿਹਾ ਹੈ। ਇਸ ਦਾ ਇੱਕ ਢੁਕਵਾਂ ਹੱਲ ਧਰਤੀ ਨੂੰ ਹਰਿਆ ਭਰਿਆ ਬਣਾਉਣਾ ਹੈ। ਇਸ ਕਰਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲੈਣ ਲਈ ਪ੍ਰੇਰਿਆ ਗਿਆ। ਇਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦਾ ਪ੍ਰਣ ਲਿਆ ਹੈ।
ਕੈਂਬਰਿਜ ਸਕੂਲ ਚੋਮੋ ਵਿੱਚ ਬੂਟੇ ਲਗਾਏ
ਪਾਇਲ (ਪੱਤਰ ਪ੍ਰੇਰਕ): ਇਥੇ ਆਪਣਾ ਪੰਜਾਬ ਫਾਂਊਡੇਸ਼ਨ ਵੱਲੋਂ ਚਲਾਏ ਗਏ ‘ਮਿਸ਼ਨ ਹਰਿਆਲੀ’ ਪ੍ਰੋਗਰਾਮ ਤਹਿਤ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਵਿੱਚ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਬੂਟੇ ਲਗਾਏ ਗਏ। ਪ੍ਰਿੰਸੀਪਲ ਸੰਜੀਵ ਕੁਮਾਰ ਮੋਦਗਿੱਲ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਕਰਮਦੀਪ ਕੌਰ, ਜਸਵੀਰ ਕੌਰ, ਹਰਵਿੰਦਰ ਕੌਰ, ਬਲਦੀਪ ਕੌਰ, ਮਨਪ੍ਰੀਤ ਕੌਰ,ਪਰਦੀਪ ਕੌਰ, ਰਣਜੀਤ ਕੌਰ, ਹਰਪ੍ਰੀਤ ਕੌਰ, ਲਖਵਿੰਦਰ ਸਿੰਘ, ਹਿਮਾਂਸ਼ੂ ਸਿੰਗਲਾ, ਹਰਪ੍ਰੀਤ ਸਿੰਘ, ਸਮਸ਼ੇਰ ਸਿੰਘ ਆਦਿ ਹਾਜ਼ਰ ਸਨ।