ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੁਲਾਈ
ਸੂਬੇ ਵਿੱਚ ਪੰਜ ਸਾਲ ਰਾਜ ਕਰ ਸੈਂਕੜੇ ਸੜਕਾਂ ਤੇ ਪੁਲ ਬਣਾਉਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਦੇ ਜ਼ਿਲ੍ਹਾ ਦਫ਼ਤਰ ਦੀ ਅੱਜ ਲੁਧਿਆਣਾ ਵਿੱਚ ਮੀਂਹ ਦੌਰਾਨ ਛੱਤ ਡਿੱਗ ਗਈ। ਰੇਲਵੇ ਸਟੇਸ਼ਨ ਨੇੜੇ ਕਾਂਗਰਸ ਦਾ ਇਹ ਕਾਫ਼ੀ ਪੁਰਾਣਾ ਦਫ਼ਤਰ ਸੀ ਤੇ ਮੌਜੂਦਾ ਸਮੇਂ ਵਿੱਚ ਇਥੇ ਜ਼ਿਲ੍ਹਾ ਕਾਂਗਰਸ ਦਿਹਾਤੀ ਦਾ ਦਫ਼ਤਰ ਚੱਲ ਰਿਹਾ ਸੀ। ਲੁਧਿਆਣਾ ਵਿੱਚ ਪਿਛਲੇ ਦੋ ਦਿਨ ਤੋਂ ਕਾਫ਼ੀ ਮੀਂਹ ਪੈ ਰਿਹਾ ਹੈ। ਇਸ ਕਰ ਕੇ ਬੀਤੀ ਰਾਤ ਕਾਂਗਰਸ ਦਫ਼ਤਰ ਦੀ ਛੱਤ ਡਿੱਗ ਗਈ। ਰਾਤ ਦਾ ਸਮਾਂ ਹੋਣ ਕਾਰਨ ਦਫ਼ਤਰ ਵਿੱਚ ਕੋਈ ਮੌਜੂਦ ਨਹੀਂ ਸੀ, ਜਿਸ ਕਰ ਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਦਰਅਸਲ, ਲੁਧਿਆਣਾ ਦਾ ਜ਼ਿਲ੍ਹਾ ਕਾਂਗਰਸ ਦਾ ਦਫ਼ਤਰ ਕਰੀਬ 50 ਤੋਂ 60 ਸਾਲ ਪੁਰਾਣਾ ਹੈ। ਇਸ ਦਫ਼ਤਰ ਦੀਆਂ ਛੱਤਾਂ ਅੱਜ ਵੀ ਗਾਡਰ ਬਾਲੇ ਵਾਲੀਆਂ ਹਨ। ਜਿਥੇ ਜ਼ਿਲ੍ਹਾ ਕਾਂਗਰਸ, ਜ਼ਿਲ੍ਹਾ ਦਿਹਾਤੀ ਕਾਂਗਰਸ ਤੇ ਯੂਥ ਕਾਂਗਰਸ ਦਾ ਦਫ਼ਤਰ ਚਲਦਾ ਹੈ। ਸ਼ਹਿਰ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਤੇਜ਼ ਮੀਂਹ ਵਰ੍ਹ ਰਿਹਾ ਹੈ। ਇਸ ਕਰ ਕੇ ਵੀਰਵਾਰ ਦੇਰ ਰਾਤ ਕਾਂਗਰਸ ਦਫ਼ਤਰ ਦੇ ਇੱਕ ਕਮਰੇ ਦੀ ਛੱਤ ਦੇ ਗਾਡਰ ਬਾਲੇ ਡਿੱਗ ਗਏ। ਦਫ਼ਤਰ ਵਿੱਚ ਸਿਆਸੀ ਆਗੂਆਂ ਦੀਆਂ ਫੋਟੋਆਂ ਤੇ ਫਰਨੀਚਰ ਵੀ ਨੁਕਸਾਨਿਆ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਕੋਮਲ ਖੰਨਾ ਨੇ ਦੱਸਿਆ ਕਿ ਇਹ ਘਟਲਾ ਰਾਤ ਸਮੇਂ ਹੋਈ ਜਿਸ ਕਰ ਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਦਿਨ ਵੇਲੇ ਇਸ ਦਫ਼ਤਰ ਵਿੱਚ ਹਮੇਸ਼ਾ ਹੀ ਦੋ-ਚਾਰ ਲੋਕ ਬੈਠੇ ਰਹਿੰਦੇ ਹਨ। ਇਸ ਪੁਰਾਣੇ ਦਫ਼ਤਰ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਸਣੇ ਕਈ ਸਿਆਸੀ ਆਗੂਆਂ ਦੀਆਂ ਯਾਦਗਾਰ ਤਸਵੀਰਾਂ ਤੇ ਹੋਰ ਸਮਾਨ ਪਿਆ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਸ ਘਟਨਾ ਬਾਰੇ ਜਾਣੂ ਕਰਵਾ ਦਿੱਤਾ ਸੀ। ਜਲਦ ਹੀ ਇਸ ਦੀ ਮੁਰੰਮਤ ਕਰਵਾਈ ਜਾਵੇਗੀ।