ਜਸਬੀਰ ਸ਼ੇਤਰਾ
ਜਗਰਾਉਂ, 31 ਮਾਰਚ
ਕਿਸਾਨ ਅੰਦੋਲਨ ਦੌਰਾਨ ਜੇਲ੍ਹ ਜਾਣ ਮਗਰੋਂ ਪ੍ਰਸਿੱਧ ਹੋਈ ਮਜ਼ਦੂਰ ਅਧਿਕਾਰ ਜਥੇਬੰਦੀ ਦੀ ਪ੍ਰਮੁੱਖ ਆਗੂ ਨੌਦੀਪ ਕੌਰ ਦਾ ਜਗਰਾਉਂ ਪੁੱਜਣ ’ਤੇ ਭਰਵਾਂ ਸਵਾਗਤ ਹੋਇਆ। ਸਤਿਗੁਰ ਰਵਿਦਾਸ ਮਿਸ਼ਨ ਜਗਰਾਉਂ ਦੀ ਲੀਡਰਸ਼ਿਪ ਨੇ ਪ੍ਰੇਮ ਲੋਹਟ, ਦੀਪ ਜਗਰਾਉਂ, ਪ੍ਰੋਫੈਸਰ ਪਰਮਦੀਪ ਮੱਲ੍ਹਾ ਆਦਿ ਦੀ ਅਗਵਾਈ ਵਿੱਚ ਉਸ ਦਾ ਸਵਾਗਤ ਕਰਦਿਆਂ ਉਸ ਨੂੰ ਲੜਕੀਆਂ ਲਈ ਪ੍ਰੇਰਤਾ ਸਰੋਤ ਦੱਸਿਆ। ਡਾ. ਅੰਬੇਡਕਰ ਸੋਸ਼ਲ ਵੈੱਲਫੇਅਰ ਫਾਊਂਡੇਸ਼ਨ ਦੀ ਲੀਡਰਸ਼ਿਪ ਨੇ ਪੱਪੂ ਆਸਟਰੇਲੀਆ ਦੇ ਸਹਿਯੋਗ ਨਾਲ ਨੌਦੀਪ ਕੌਰ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ। ਨੌਦੀਪ ਕੌਰ ਨੇ ਇਸ ਮੌਕੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਨੂੰ ਆਜ਼ਾਦੀ ਦੀ ਦੂਜੀ ਲੜਾਈ ਕਰਾਰ ਦਿੰਦਿਆਂ ਕਿਹਾ ਕਿ ਹਰ ਲੜਾਈ ’ਚ ਨੌਜਵਾਨਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਕਿਸੇ ਵੀ ਮੋਰਚੇ ’ਚ ਨੌਜਵਾਨਾਂ ਦੇ ਰੋਲ ਨੂੰ ਨਕਾਰਿਆ ਨਹੀਂ ਜਾ ਸਕਦਾ। ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਨੌਜਵਾਨਾਂ ਦੇ ਜੋਸ਼ ਨੇ ਆਜ਼ਾਦੀ ਦੀ ਹਰ ਲੜਾਈ ’ਚ ਮੋਹਰੀ ਰੋਲ ਅਦਾ ਕੀਤੇ ਹਨ। ਕਿਸਾਨ ਸੰਘਰਸ਼ ਦੇ ਸਫ਼ਲਤਾਪੂਰਵਕ ਲੰਮਾ ਚੱਲਣ ’ਚ ਵੀ ਨੌਜਵਾਨਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਨੂੰ ਨੌਜਵਾਨ ਵਰਗ ਤੇ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਅਪੀਲ ਕੀਤੀ। ਇਹ ਵੀ ਕਿਹਾ ਕਿ ਜਿਹੜੇ ਨੌਜਵਾਨ ਇਸ ਸੰਘਰਸ਼ ਕਰਕੇ ਜੇਲ੍ਹਾਂ ’ਚ ਗਏ ਅਤੇ ਕੇਸ ਭੁਗਤ ਰਹੇ ਹਨ, ਉਨ੍ਹਾਂ ਸਭਨਾਂ ਦੀ ਮੱਦਦ ਕਰਨਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਫਰਜ਼ ਬਣਦਾ ਹੈ। ਉਸਨੇ ਕਿਹਾ ਕਿ ਕਿਸਾਨ ਮੋਰਚੇ ’ਚ ਔਰਤਾਂ ਵਲੋਂ ਬਾਹਰ ਨਿਕਲਣਾ ਅਤੇ ਬਰਾਬਰ ਦੀ ਭੂਮਿਕਾ ਨਿਭਾਉਣਾ ਵੀ ਵੱਡੀ ਗੱਲ ਹੈ। ਨੌਦੀਪ ਕੌਰ ਨੇ ਕਿਹਾ ਕਿ ਪੁਲੀਸ ਕੇਸ ਪਾਏ ਜਾਣ ਅਤੇ ਜੇਲ੍ਹ ਜਾਣ ਦੇ ਬਾਵਜੂਦ ਉਹ ਭਵਿੱਖ ’ਚ ਵੀ ਕਿਸਾਨ ਸੰਘਰਸ਼ ਦੇ ਨਾਲ ਨਾਲ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਲੜਦੀ ਰਹੇਗੀ। ਇਸ ਮੌਕੇ ਜਸਵੀਰ ਸਿੰਘ, ਗੋਪਾਲ ਸਿੰਘ, ਬਲਜੀਤ ਸਿੰਘ ਮੁੱਲਾਂਪੁਰ, ਮਹਿੰਗਾ ਸਿੰਘ ਆਦਿ ਮੌਜੂਦ ਸਨ।