ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 28 ਅਪਰੈਲ
ਮਾਛੀਵਾੜਾ ਅਨਾਜ ਮੰਡੀ ਵਿੱਚ ਫਸਲ ਦੀ ਲਿਫਟਿੰਗ ਦੀ ਸਮੱਸਿਆ ਦੇ ਹੱਲ ਲਈ ਅੱਜ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਵਿੱਚ ਹੋਈ। ਮੀਟਿੰਗ ਮਗਰੋਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿੰਤ ਕੁੰਦਰਾ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਫਸਲ 15 ਅਪਰੈਲ ਨੂੰ ਆਉਣ ਸ਼ੁਰੂ ਹੋਈ ਤੇ ਅੱਜ ਤੱਕ ਲਗਪਗ 75 ਫੀਸਦੀ ਤੋਂ ਵੱਧ ਕੰਮ ਮੁਕੰਮਲ ਹੋ ਗਿਆ ਜਿਸ ਕਾਰਨ ਲਿਫਟਿੰਗ ਦੀ ਸਮੱਸਿਆ ਆਈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਖਰੀਦ ਏਜੰਸੀ ਵੇਅਰਹਾਊਸ, ਪਨਗ੍ਰੇਨ, ਮਾਰਕਫੈੱਡ ਤੇ ਪਨਸਪ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਾਰਾ ਕੀਤਾ ਗਿਆ ਤੇ ਇਹ ਫੈਸਲਾ ਹੋਇਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਆੜ੍ਹਤੀਆਂ ਨੂੰ ਟਰੱਕ ਦਿੱਤੇ ਜਾਣਗੇ ਜਿਨ੍ਹਾਂ ਦੇ ਫੜਾਂ ਵਿਚੋਂ ਫਸਲ ਦੀ ਲਿਫਟਿੰਗ ਨਹੀਂ ਹੋਈ। ਕੁੰਦਰਾ ਨੇ ਕਿਹਾ ਕਿ ਅਧਿਕਾਰੀ ਸਾਰੇ ਹੀ ਆੜ੍ਹਤੀਆਂ ਨੂੰ ਟਰੱਕ ਬਰਾਬਰ ਦੇਣਗੇ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ। ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਫਸਲ ਲਿਫਟਿੰਗ ਦੀ ਸਮੱਸਿਆ 2 ਦਿਨਾਂ ’ਚ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਵਾਰ ਕਣਕ ਦੇ ਸੀਜਨ ਵਿੱਚ ਆੜ੍ਹਤੀਆਂ ਨੂੰ ਬਾਰਦਾਨੇ ਦੀ ਕੋਈ ਕਮੀ ਨਹੀਂ ਆਈ ਜਦਕਿ ਪਹਿਲਾਂ ਬਾਰਦਾਨਾ ਲੈਣ ਲਈ ਆੜ੍ਹਤੀਆਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਮਾਰਨੇ ਪੈਂਦੇ ਸਨ। ਇਸ ਮੌਕੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਫਸਲ ਦੀ ਆਮਦ ਦਾ ਕੰਮ ਲਗਪਗ ਮੁਕੰਮਲ ਹੋਣ ਨੇੜੇ ਹੈ ਤੇ ਹੁਣ ਲਿਫਟਿੰਗ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇਗੀ।