ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਦਸੰਬਰ
ਲੁਧਿਆਣਾ ਦੀ ਅਦਾਲਤ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਹੜਤਾਲ ’ਤੇ ਚੱਲ ਰਹੀਆਂ ਨਰਸਾਂ ਅੱਜ ਆਪਣੀ ਹੜਤਾਲ ਛੱਡ ਕੇ ਕੰਮ ’ਤੇ ਵਾਪਸ ਮੁੜ ਆਈਆਂ।
ਜਿਵੇਂ ਹੀ ਧਮਾਕੇ ਦੀ ਖਬਰ ਸਿਵਲ ਹਸਪਤਾਲ ਪੁੱਜੀ ਤਾਂ ਨਰਸਾਂ ਨੇ ਆਪਣੀ ਹੜਤਾਲ ਛੱਡ ਕੇ ਐਮਰਜੈਂਸੀ ਵਿੱਚ ਕੰਮ ਕਰਨ ਲਈ ਪੁੱਜ ਗਈਆਂ। ਸਿਵਲ ਹਸਪਤਾਲ ਵਿੱਚ ਧਮਾਕੇ ਵਿੱਚ ਫੱਟੜ ਹੋਈਆਂ ਦੋ ਔਰਤਾਂ ਪੁੱਜੀਆਂ। ਜਿਨ੍ਹਾਂ ਦੀ ਦੇਖ ਰੇਖ ਨਰਸਾਂ ਨੇ ਕਰਨੀ ਸ਼ੁਰੂ ਕਰ ਦਿੱਤੀ। ਸਿਵਲ ਹਸਪਤਾਲ ਵਿੱਚ ਨਰਸਾਂ ਨੇ ਦੱਸਿਆ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਸਨ, ਪਰ ਜਦੋਂ ਹੀ ਬੰਬ ਧਮਾਕੇ ਦੀ ਖ਼ਬਰ ਉਨ੍ਹਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਲਾਜ ਕਰਨਾ ਆਪਣਾ ਧਰਮ ਸਮਝਦੇ ਹੋਏ ਹੜਤਾਲ ਨੂੰ ਅੱਜ ਦੇ ਦਿਨ ਲਈ ਖ਼ਤਮ ਕਰ ਦਿੱਤਾ ਤੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਮਰੀਜ਼ਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਇਸ ਧਮਾਕੇ ਵਿੱਚ ਫੱਟੜ ਸ਼ਰਨਜੀਤ ਕੌਰ ਤੇ ਸੰਦੀਪ ਕੌਰ ਜਿਵੇਂ ਹੀ ਇਲਾਜ ਲਈ ਹਸਪਤਾਲ ਪੁੱਜੀ ਤਾਂ ਨਰਸਾਂ ਨੇ ਉਨ੍ਹਾਂ ਦੀ ਦੇਖਰੇਖ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਨਰਸਾਂ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਪਰ ਉਨ੍ਹਾਂ ਆਪਣਾ ਧਰਮ ਸਮਝਦੇ ਹੋਏ ਜ਼ਖਮੀਆਂ ਦੀ ਸੇਵਾ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।