ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 9 ਮਈ
ਪਿੰਡ ਗਾਲਬਿ ਕਲਾਂ ’ਚ ਦਿਨ-ਦਿਹਾੜੇ ਮਾਮੇ, ਭਾਣਜੇ ਨੇ ਇੱਕ ਲੜਕੀ ਨੂੰ ਉਸ ਦੇ ਘਰ ਤੋਂ ਮਾਰੂ ਹਥਿਆਰ ਦੀ ਨੋਕ ’ਤੇ ਅਗਵਾ ਕਰ ਲਿਆ। ਲੜਕੀ ਦੀ ਮਾਂ ਗੁਰਜੀਤ ਕੌਰ ਅਤੇ ਮਾਮਲੇ ਦੀ ਪੜਤਾਲ ਕਰ ਰਹੇ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਜਦੋਂ ਚੰਡੀਗੜ੍ਹ ਆਈਲੈਟਸ ਕਰਦੀ ਸੀ ਤਾਂ ਉਸ ਸਮੇਂ ਗੁਰਮਿੰਦਰ ਸਿੰਘ ਨਾਲ ਉਸ ਦੀ ਦੋਸਤੀ ਹੋਈ ਸੀ। ਦੋ ਦਿਨ ਪਹਿਲਾਂ ਗੁਰਮਨਿੰਦਰ ਵਾਸੀ ਪਿੰਡ ਲਖਨਪੁਰ (ਖਮਾਣੋ) ਤੇ ਉਸ ਦਾ ਮਾਮਾ ਕਰਨ ਸਿੰਘ ਵਾਸੀ ਪਿੰਡ ਸੋਸਪੁਰ (ਸਮਰਾਲਾ) ਆਪਣੇ ਤਿੰਨ ਸਾਥੀਆਂ ਨਾਲ ਕਾਰਾਂ ’ਤੇ ਪਿੰਡ ਗਾਲਬਿ ਕਲਾਂ ਆਏ। ਜਿਨ੍ਹਾਂ ਨੂੰ ਦੇਖ ਕੇ ਲੜਕੀ ਘਬਰਾ ਗਈ ਤੇ ਆਪਣੇ ਸ਼ਰੀਕੇ ਵਿੱਚੋਂ ਚਾਚੇ ਦੇ ਘਰ ਛੁੱਪ ਗਈ। ਗੁਰਮਨਿੰਦਰ ਆਪਣੇ ਸਾਥੀਆਂ ਸਮੇਤ ਹੱਥ ’ਚ ਦਾਹ ਫੜ ਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਲੜਕੀ ਤੇ ਉਸਦੇ ਭਰਾ ਨੂੰ ਬਾਹਰ ਕੱਢ ਲਿਆਇਆ ਅਤੇ ਲੜਕੀ ਨੂੰ ਜਬਰੀ ਕਾਰ ’ਚ ਬਿਠਾ ਕੇ ਲੈ ਗਿਆ। ਉਸ ਨੇ ਦੱਸਿਆ ਕਿ ਜਾਣ ਮੌਕੇ ਉਸ ਨੇ ਲੜਕੀ ਦੇ ਭਰਾ ਅਤੇ ਪਰਿਵਾਰਿਕ ਮੈਂਬਰਾਂ ਦੇ ਸੱਟਾਂ ਵੀ ਮਾਰੀਆਂ। ਪਰਿਵਾਰ ਅਨੁਸਾਰ ਪਿਛਲੇ ਦਿਨੀਂ ਲੜਕੀ ਦੀ ਮੰਗਣੀ ਕੈਨੇਡਾ ਰਹਿਣ ਵਾਲੇ ਲੜਕੇ ਨਾਲ ਪੱਕੀ ਹੋ ਗਈ ਸੀ ਤੇ ਇਸ ਗੱਲੋਂ ਗੁੱਸੇ ਵਿੱਚ ਆਏ ਗੁਰਮਨਿੰਦਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਥਾਣਾ ਸਦਰ ਦੀ ਪੁਲੀਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਤੇ ਲੜਕੀ ਦੀ ਭਾਲ ਆਰੰਭ ਦਿੱਤੀ ਹੈ।