ਜੋਗਿੰਦਰ ਸਿੰਘ ਓਬਰਾਏ
ਖੰਨਾ, 27 ਸਤੰਬਰ
ਸ਼ਹਿਰ ਵਿਚ ਇਕ ਮਨਚਲੇ ਨੇ ਕੁੜੀ ’ਤੇ ਤੇਜ਼ਾਬ ਪਾ ਦਿੱਤਾ, ਜਿਸ ਨਾਲ ਲੜਕੀ ਦੇ ਦੋਵੇਂ ਹੱਥ ਸੜ ਗਏ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਲੜਕੀ ਦੇ ਮੁਹੱਲੇ ਵਿੱਚ ਰਹਿੰਦੇ ਸੰਦੀਪ ਸਿੰਘ ਤੇ ਇਕ ਹੋਰ ਅਣਪਛਾਤੇ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ। ਦੱਸਣਯੋਗ ਹੈ ਕਿ ਮੁਲਜ਼ਮ ਨੇ ਕੁਝ ਸਮਾਂ ਪਹਿਲਾਂ ਵੀ ਕੁੜੀ ਦੇ ਸਿਰ ਵਿਚ ਡੰਡਾ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ ਤੇ ਉਸ ਵਿਰੁੱਧ ਮਾਮਲਾ ਦਰਜ ਹੈ। ਪੁਲੀਸ ਕੋਲ ਦਰਜ ਕਰਵਾਈ ਰਿਪੋਰਟ ਮੁਤਾਬਕ ਪੀੜਤ ਲੜਕੀ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ। ਜਦੋਂ ਉਹ ਆਪਣੇ ਘਰ ਤੋਂ ਪੈਦਲ ਕੰਮ ’ਤੇ ਜਾ ਰਹੀ ਸੀ ਤਾਂ ਹਮਲਾਵਰ ਨੇ ਉਸ ਨੂੰ ਘੇਰ ਲਿਆ ਤੇ ਉਸ ’ਤੇ ਕੋਈ ਚੀਜ਼ ਪਾਉਣ ਦੀ ਕੋਸ਼ਿਸ਼ ਕੀਤੀ। ਉਹ ਭੱਜ ਕੇ ਆਪਣੇ ਘਰ ਚਲੀ ਗਈ। ਕੁਝ ਸਮੇਂ ਬਾਅਦ ਉਹ ਆਪਣੀ ਭੈਣ ਨਾਲ ਸਕੂਟਰ ’ਤੇ ਸਵਾਰ ਹੋ ਕੇ ਕੰਮ ਲਈ ਨਿਕਲੀ ਤਾਂ ਮੜੀਆਂ ਰੋਡ ਨੇੜੇ ਉਕਤ ਮੁਲਜ਼ਮ ਦੇ ਪਿੱਛੇ ਬੈਠੇ ਵਿਅਕਤੀ ਨੇ ਉਸ ’ਤੇ ਤੇਜ਼ਾਬ ਪਾ ਦਿੱਤਾ, ਜਿਸ ਨਾਲ ਉਸ ਦੇ ਦੋਵੇਂ ਹੱਥ ਸੜ ਗਏ। ਉਸ ਦੇ ਭਰਾ ਨੇ ਉਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।