ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 17 ਜੁਲਾਈ
ਸਿੱਖੀ ਦੇ ਪ੍ਰਚਾਰ ਪਸਾਰ ਵਾਸਤੇ ਵਿੱਢੀ ਮੁਹਿੰਮ ਤਹਿਤ ਸ਼੍ਰੋਮਣੀ ਕਮੇਟੀ ਨੇ ਅੱਜ ਸਥਾਨਕ ਗੁਰਦੁਆਰਾ ਗੋਬਿੰਦਪੁਰਾ (ਮਾਈ ਦਾ ਗੁਰਦੁਆਰਾ) ਵਿਖੇ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ। ਸੋਦਰ ਰਹਿਰਾਸ ਦੇ ਪਾਠ ਉਪਰੰਤ ਗਿਆਨੀ ਮਨਪ੍ਰੀਤ ਸਿੰਘ ਦੇ ਜਥੇ ਨੇ ਕੀਰਤਨ ਕੀਤਾ। ਉੱਘੇ ਵਿਦਵਾਨ ਭਾਈ ਸਰਬਜੀਤ ਸਿੰਘ ਲੁਧਿਆਣਾ ਨੇ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਇਤਿਹਾਸ ਦੀ ਗਾਥਾ ਸੰਗਤ ਦੇ ਰੂਬਰੂ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ ਤੇ ਇਨ੍ਹਾਂ ਦੇ ਦਿਹਾੜੇ ਮਨਾਉਣੇ ਸਾਡੇ ਵਾਸਤੇ ਤੇ ਨਵੀਂ ਪੀੜ੍ਹੀ ਵਾਸਤੇ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ, ‘‘ਇਤਿਹਾਸ ਗਵਾਹ ਹੈ ਕਿ ਭਾਈ ਤਾਰੂ ਸਿੰਘ ਜੀ ਨੇ ਆਪਣੀ ਖੋਪਰੀ ਤਾਂ ਲੁਹਾ ਲਈ ਪਰ ਆਪਣੇ ਕੇਸਾਂ ਨੂੰ ਕੱਟਣ ਨਾ ਦਿੱਤਾ। ਪਰ ਅੱਜ ਅਸੀਂ ਭੁੱਲ ਗਏ ਹਾਂ ਕਿ ਕੇਸ ਗੁਰੂ ਦੀ ਮੋਹਰ ਹਨ ਤੇ ਇਨ੍ਹਾਂ ਨੂੰ ਸੰਭਾਲਣਾ ਸਾਡਾ ਮੁੱਢਲਾ ਫਰਜ਼ ਹੈ।’’ ਉਨ੍ਹਾਂ ਆਖਿਆ ਕਿ ਸਾਡੀ ਨੌਜਵਾਨੀ ਦੇ ਰੋਲ ਮਾਡਲ ਫਿਲਮੀ ਐਕਟਰ ਨਹੀਂ, ਭਾਈ ਤਾਰੂ ਸਿੰਘ ਵਰਗੇ ਯੋਧੇ ਹੋਣੇ ਚਾਹੀਦੇ ਹਨ ਤੇ ਨੌਜਵਾਨੀ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਉਨ੍ਹਾਂ ਆਖਿਆ ਕਿ ਹਰ ਧਰਮ ਦੇ ਦੇਵੀ ਦੇਵਤੇ, ਰਹਬਿਰ ਨੇ ਆਪਣੇ ਕੇਸ ਰੱਖੇ ਹੋਏ ਸਨ। ਕੇਸ ਰਖਣੇ ਸਿਰਫ਼ ਸਿੱਖ ਵਾਸਤੇ ਹੀ ਜ਼ਰੂਰੀ ਨਹੀਂ, ਵਿਗਿਆਨਕ ਨਜ਼ਰੀਏ ਤੋਂ ਵੀ ਇਨ੍ਹਾਂ ਦੀ ਵੱਡੀ ਮਹੱਤਤਾ ਹੈ। ਇਸ ਮੌਕੇ ਭਾਈ ਗਰੇਵਾਲ ਨੇ ਪੰਜਾਬੀ ਸੂਬੇ ਦੇ ਮੋਰਚੇ ’ਚ ਸੰਘਰਸ਼ ’ਚ ਕੁੱਦਣ ਵਾਲੇ ਸਰਦਾਰ ਕੇਸਰ ਸਿੰਘ, ਫੁੱਲਦੀਪ ਸਿੰਘ ਦੇ ਪਰਿਵਾਰ ਦੇ ਨੌਜਵਾਨਾਂ ਗੁਰਮੀਤ ਸਿੰਘ ਬਿੰਦਰਾ, ਜਗਜੀਤ ਸਿੰਘ, ਦਰਸ਼ਨ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਵੱਲੋਂ ਕੀਰਤਨੀ ਜਥੇ, ਕਥਾ ਵਾਚਕ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੀ ਸਮਾਪਤੀ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਭੋਲਾ ਸਿੰਘ ਨੇ ਕੀਤੀ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।