ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਈ
ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਵਿਧਾਨ ਸਭਾ ਹਲਕੇ ਤੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਵਿਧਾਇਕ ਬਣੇ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬੀ ਭਵਨ ਲੁਧਿਆਣਾ ਵਿੱਚ ਚੋਣਵੇਂ ਪੰਜਾਬੀ ਲੇਖਕਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਿਆਸਤਦਾਨਾਂ ਨੇ ਆਪਣੇ ਲੁੱਟਤੰਤਰ ਨਾਲ ਪੂਰੇ ਪੰਜਾਬੀਆਂ ਦੇ ਮਨਾਂ ਅੰਦਰ ਬੇਗਾਨਗੀ ਦਾ ਡੂੰਘਾ ਅਹਿਸਾਸ ਭਰ ਦਿੱਤਾ ਹੈ। ਇਹ ਬੇਗਾਨਗੀ ਮਨਾਂ ਵਿੱਚੋਂ ਕੱਢਣ ਲਈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਪ੍ਰਸ਼ਾਸਨਿਕ ਤੇ ਪ੍ਰਬੰਧਕੀ ਯਤਨ ਕਰੇਗੀ, ਉੱਥੇ ਹੀ ਪੰਜਾਬ ਦੀਆਂ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਵੀ ਵੱਡਾ ਯੋਗਦਾਨ ਪਾ ਸਕਦੀਆਂ ਹਨ ਤਾਂ ਜੋ ਮਾਨਸਿਕ ਪੱਧਰ ’ਤੇ ਇਸ ਧਰਤੀ ਨਾਲ ਨੌਜਵਾਨ ਪੀੜ੍ਹੀ ਦਾ ਲਗਾਓ ਵਧੇ।
ਇਸ ਮੌਕੇ ਸ੍ਰੀ ਖੁੱਡੀਆਂ ਨੂੰ ਪੰਜਾਬੀ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਸਕੱਤਰ ਗੁਰਚਰਨ ਕੌਰ ਕੋਚਰ, ਕੇ ਸਾਧੂ ਸਿੰਘ ਅਤੇ ਕਾਰਜਕਾਰਨੀ ਮੈਂਬਰ ਪਰਮਜੀਤ ਕੌਰ ਮਹਿਕ ਤੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਅਕੈਡਮੀ ਦੀਆਂ ਪ੍ਰਕਾਸ਼ਨਾਵਾਂ ਦਾ ਸੈੱਟ ਭੇਟ ਕਰ ਕੇ ਸਨਮਾਨਿਤ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ, ਪਵਨ ਹਰਚੰਦਪੁਰੀ, ਸੁਲੱਖਣ ਸਿੰਘ ਸਰਹੱਦੀ ਤੇ ਗੁਰਦਿਆਲ ਰੌਸ਼ਨ ਨੇ ਵੀ ਸ੍ਰੀ ਖੁੱਡੀਆਂ ਨੂੰ ਪੁਸਤਕਾਂ ਭੇਟ ਕੀਤੀਆਂ। ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗਿੱਲ ਨੇ ਕਿਹਾ, ‘‘ਮੈਨੂੰ ਭਗਵੰਤ ਮਾਨ ਤੇ ਗੁਰਮੀਤ ਸਿੰਘ ਖੁੱਡੀਆਂ ’ਤੇ ਮਾਣ ਹੈ ਕਿ ਉਹ ਲੋਕ ਹਿਤੈਸ਼ੀ ਪੈਂਤੜਾ ਕਦੇ ਨਹੀਂ ਤਿਆਗਣਗੇ।’’ ਉਨ੍ਹਾਂ ਕਿਹਾ ਕਿ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਲੰਬੇ ਸਮੇਂ ਤੋਂ ਪੰਜਾਬੀਆਂ ਦੇ ਆਤਮਵਿਸ਼ਵਾਸ ਵਿਕਾਸ ਲਈ ਯਤਨ ਕਰ ਰਹੀਆਂ ਹਨ ਪਰ ਸਰਕਾਰੀ ਤੰਤਰ ਦੇ ਹਾਂ ਪੱਖੀ ਹੁੰਗਾਰੇ ਤੋਂ ਬਿਨਾ ਬਹੁਤ ਕੁਝ ਰੁੜ੍ਹਦਾ ਜਾ ਰਿਹਾ ਹੈ। ਇਸ ਮੌਕੇ ਉੱਘੇ ਕਵੀ ਤੇ ਚਿੱਤਰਕਾਰ ਸਵਰਨਜੀਤ ਸਵੀ, ਪ੍ਰੋ. ਸੰਧੂ ਵਰਿਆਣਵੀ, ਨਵਜੋਤ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।